ਅੱਖਾਂ ਦਾਨ ਲਈ ਸਮਾਜ ਦੇ ਸਾਰੇ ਵਰਗ ਅੱਗੇ ਆਉਣ : ਸ਼ਸ਼ੀਕਾਂਤ
ਸਮਾਜ ਦੇ ਸਾਰੇ ਵਰਗ ਅੱਖਾਂ ਦਾਨ ਕਰਨ ਲਈ ਅੱਗੇ ਆਉਣ : ਸ਼ਸ਼ੀਕਾਂਤ
Publish Date: Sat, 17 Jan 2026 03:57 PM (IST)
Updated Date: Sat, 17 Jan 2026 04:00 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਬੀਤੇ ਦਿਨੀਂ ਗਾਂਧੀ ਨਗਰ ਨਿਵਾਸੀ ਵੇਦ ਪ੍ਰਕਾਸ਼ ਕਾਮਰਾ (72) ਦਾ ਸਵਰਗਵਾਸ ਹੋਣ ’ਤੇ ਉਨ੍ਹਾਂ ਦੀ ਪਤਨੀ ਅਨੀਤਾ ਰਾਣੀ, ਪੁੱਤਰ ਦੀਪਕ ਕਾਮਰਾ ਅਤੇ ਨੂੰਹ ਗਿੰਨੀ ਸਮੇਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਅੱਖਾਂ ਦਾਨ ਕਰਨ ਦੀ ਇੱਛਾ ਪ੍ਰਗਟਾਈ ਸੀ। ਉਨ੍ਹਾਂ ਨੇ ਸੋਸ਼ਲ ਵੈਲਫੇਅਰ ਸੁਸਾਇਟੀ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਸੁਸਾਇਟੀ ਦੇ ਮੈਂਬਰਾਂ ਨੇ ਉਨ੍ਹਾਂ ਦੀਆਂ ਅੱਖਾਂ ਪੁਨਰਜੋਤ ਆਈ ਬੈਂਕ ਸੁਸਾਇਟੀ ਲੁਧਿਆਣਾ ਨੂੰ ਕੌਰਨੀਆ ਟ੍ਰਾਂਸਪਲਾਂਟ ਲਈ ਭੇਜ ਦਿੱਤੀਆਂ। ਵੇਦ ਪ੍ਰਕਾਸ਼ ਕਾਮਰਾ ਸੁਸਾਇਟੀ ਦੇ 446ਵੇਂ ਨੇਤਰਦਾਨੀ ਬਣੇ ਹਨ। ਉਨ੍ਹਾਂ ਦੀ ਅੰਤਿਮ ਅਰਦਾਸ ਦੇ ਮੌਕੇ ਤੇ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਵਫ਼ਦ ਨੇ ਉਨ੍ਹਾਂ ਦੇ ਸਪੁੱਤਰ ਦੀਪਕ ਕਾਮਰਾ ਨੂੰ ‘ਨੇਤਰਦਾਤਾ’ ਸਨਮਾਨ ਚਿੰਨ੍ਹ ਭੇਟ ਕੀਤਾ। ਇਸ ਵਫ਼ਦ ਵਿੱਚ ਪ੍ਰਧਾਨ ਸ਼ਸ਼ੀਕਾਂਤ, ਨੇਤਰਦਾਨ ਪ੍ਰੋਜੈਕਟ ਚੇਅਰਮੈਨ ਰਵੀ ਜੁਨੇਜਾ, ਜਨਰਲ ਸਕੱਤਰ ਰਾਕੇਸ਼ ਗਿਲਹੋਤਰਾ ਅਤੇ ਹੋਰ ਪ੍ਰਮੁੱਖ ਮੈਂਬਰ ਸ਼ਾਮਲ ਸਨ। ਸਵਰਗੀ ਕਾਮਰਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼ਸ਼ੀਕਾਂਤ ਨੇ ਕਿਹਾ ਕਿ ਅੱਖਾਂ ਦਾਨ ਕਰਨਾ ਬਹੁਤ ਹੀ ਪੁੰਨ ਦਾ ਕਾਰਜ ਹੈ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਕੇਵਲ ਨੇਤਰਦਾਨ ਨਾਲ ਹੀ ਕੌਰਨੀਅਲ ਅੰਨ੍ਹੇਪਣ ਨੂੰ ਦੂਰ ਕੀਤਾ ਜਾ ਸਕਦਾ ਹੈ। ਪੁਨਰਜੋਤ ਆਈ ਬੈਂਕ ਦੇ ਅਨੁਸਾਰ ਸਵਰਗੀ ਕਾਮਰਾ ਦਾ ਕੌਰਨੀਆ ਦੋ ਨੇਤਰਹੀਣਾਂ ਨੂੰ ਲਗਾਇਆ ਜਾ ਰਿਹਾ ਹੈ, ਜਿਸ ਨਾਲ ਉਹ ਇਸ ਦੁਨੀਆ ਨੂੰ ਦੇਖ ਸਕਣਗੇ। ਕਿਸੇ ਵੀ ਵਿਅਕਤੀ ਦੀ ਮੌਤ ਤੋਂ ਬਾਅਦ 6 ਘੰਟਿਆਂ ਦੇ ਅੰਦਰ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਪਿਛਲੇ 18 ਸਾਲਾਂ ਤੋਂ ਇਹ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਅਤੇ ਹੁਣ ਤੱਕ 445 ਅੱਖਾਂ ਦੇ ਜੋੜੇ ਦਾਨ ਕੀਤੇ ਜਾ ਚੁੱਕੇ ਹਨ, ਜਿਸ ਨਾਲ 890 ਨੇਤਰਹੀਣਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ।