ਦਵਾਈਆਂ ਦੀ ਖਰੀਦ ਤੇ ਵੇਚ ਸਬੰਧੀ ਰੱਖਿਆ ਜਾਵੇ ਸਾਰਾ ਰਿਕਾਰਡ : ਡਾ. ਪਰਾਸ਼ਰ
ਦਵਾਈਆਂ ਦੀ ਖਰੀਦ ਤੇ ਵੇਚ ਸਬੰਧੀ ਰੱਖਿਆ ਜਾਵੇ ਸਾਰਾ ਰਿਕਾਰਡ : ਡਾ. ਰਾਜੀਵ ਪਰਾਸ਼ਰ
Publish Date: Fri, 16 Jan 2026 04:20 PM (IST)
Updated Date: Fri, 16 Jan 2026 04:21 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਵੱਲੋਂ ਜ਼ਿਲ੍ਹਾ ਡਰੱਗ ਇੰਸਪੈਕਟਰ ਅਤੇ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਡਾ. ਸੁਸ਼ਮਾ ਠੱਕਰ ਸਹਾਇਕ ਸਿਵਲ ਸਰਜਨ, ਡਾ. ਮੀਨਾਕਸ਼ੀ ਢੀਂਗਰਾ ਜ਼ਿਲ੍ਹਾ ਟੀਕਾਕਰਨ ਆਫਸਰ, ਸੋਨੀਆ ਗੁਪਤਾ ਡਰੱਗ ਇੰਸਪੈਕਟਰ, ਸੁਬੋਧ ਕੱਕੜ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ, ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ, ਵਿਕਾਸ ਕਾਲੜਾ ਪੀਏ ਸਮੇਤ ਐਸੋਸੀਏਸ਼ਨ ਦੇ ਅਹੁਦੇਦਾਰ ਸ਼ਾਮਲ ਸਨ। ਮੀਟਿੰਗ ਦੌਰਾਨ ਕੈਮਿਸਟਾਂ ਨੂੰ ਐੱਮਟੀਪੀ ਕਿੱਟਾਂ ਅਤੇ ਨਸ਼ੇ ਲਈ ਵਰਤੋਂ ਵਿਚ ਆਉਣ ਵਾਲੀ ਦਵਾਈਆਂ ਸਬੰਧੀ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ ਕਿ ਕੋਈ ਵੀ ਕੈਮਿਸਟ ਐੱਮਟੀਪੀ ਕਿੱਟਾਂ ਅਤੇ ਦਵਾਈਆਂ ਦੀ ਦੁਰਵਰਤੋਂ ਕਰਦਾ ਨਾ ਪਾਇਆ ਜਾਵੇ। ਬਿਨ੍ਹਾ ਬਿੱਲ ਅਤੇ ਡਾਕਟਰ ਦੀ ਪਰਚੀ ਤੋਂ ਇਨ੍ਹਾਂ ਦੀ ਵਿਕਰੀ ਗੈਰ ਕਾਨੂੰਨੀ ਮੰਨੀ ਜਾਵੇਗੀ ਅਤੇ ਵੇਚਣ ਵਾਲੇ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਸਖ਼ਤ ਰੁੱਖ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਜੇਕਰ ਕੋਈ ਗਲਤ ਦਵਾਈ ਵੇਚਦਾ ਹੈ ਤਾਂ ਉਸਦੀ ਸੂਚਨਾ ਦਿੱਤੀ ਜਾਵੇ। ਡਾ. ਰਾਜੀਵ ਪਰਾਸ਼ਰ ਨੇ ਕਿਹਾ ਕਿ ਡਾਕਟਰ ਵੱਲੋਂ ਜਿੰਨੇ ਦਿਨਾਂ ਦੀ ਦਵਾਈ ਲਿਖੀ ਜਾਵੇ, ਮਰੀਜ਼ ਨੂੰ ਉਨੇ ਦਿਨਾਂ ਦੀ ਹੀ ਮੈਡੀਸਿਨ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਪਰਚੀ ਤੇ ਦਿੱਤੀ ਗਈ ਦਵਾਈ ਦਾ ਵੇਰਵਾ ਜ਼ਰੂਰ ਪਾਇਆ ਜਾਵੇ। ਸਮੂਹ ਕੈਮਿਸਟ ਇਸ ਗੱਲ ਨੂੰ ਸੁਨਿਸ਼ਚਿਤ ਕਰਨ ਕਿ ਦਵਾਈਆਂ ਦੀ ਖਰੀਦ ਅਤੇ ਵੇਚ ਡਰੱਗ ਅਤੇ ਕਾਸਮੈਟਿਕ ਐਕਟ ਦੇ ਨਿਯਮਾਂ ਤਹਿਤ ਕਰਨਾ ਯਕੀਨੀ ਬਣਾਉਣ ਅਤੇ ਨਸ਼ੇ ਦੇ ਤੌਰ ’ਤੇ ਦੁਰਵਰਤੋਂ ਹੋਣ ਵਾਲੀਆਂ ਦਵਾਈਆਂ ਦੀ ਖਰੀਦ ਅਤੇ ਵੇਚ ਪੂਰੀ ਜ਼ਿੰਮੇਵਾਰੀ ਨਾਲ ਕੀਤੀ ਜਾਵੇ ਅਤੇ ਨਿਯਮਾਂ ਮੁਤਾਬਿਕ ਸਾਰਾ ਰਿਕਾਰਡ ਰੱਖਿਆ ਜਾਵੇ। ਜੇਕਰ ਕੋਈ ਇਨ੍ਹਾਂ ਨਿਯਮਾਂ ਤੋਂ ਉਲਟ ਦਵਾਈ ਵੇਚੇਗਾ ਅਤੇ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੈਮੀਸਟ ਐਸੋਸੀਏਸ਼ਨ ਵੱਲੋਂ ਸਿਹਤ ਸਟਾਫ ਦਾ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ।