ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ
Publish Date: Sat, 13 Dec 2025 06:03 PM (IST)
Updated Date: Sat, 13 Dec 2025 06:03 PM (IST)

- 14 ਦਸੰਬਰ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਪੈਣਗੀਆਂ ਵੋਟਾਂ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰਵਿੰਦ ਕੁਮਾਰ ਨੇ ਦੱਸਿਆ ਕਿ 14 ਦਸੰਬਰ 2025 ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਕੁੱਲ 891 ਪੋਲਿੰਗ ਬੂਥ ਬਣਾਏ ਗਏ ਹਨ। ਬਲਾਕ ਫਿਰੋਜ਼ਪੁਰ ਵਿਚ 140 ਪੋਲਿੰਗ ਬੂਥ, ਘੱਲ ਖੁਰਦ ਵਿੱਚ 162, ਮਮਦੋਟ ਵਿਚ 194, ਜ਼ੀਰਾ ਵਿਚ 133, ਮਖੂ ਵਿਚ 123 ਅਤੇ ਬਲਾਕ ਗੁਰੂਹਰਸਹਾਏ ਵਿਚ 139 ਪੋਲਿੰਗ ਬੂਥਾਂ ਤੇ ਵੋਟਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪੋਲਿੰਗ ਬੂਥਾਂ ਤੇ ਵੋਟਾਂ ਲਈ ਲੁੜੀਂਦਾ ਪੋਲਿੰਗ ਸਟਾਫ ਤਾਇਨਾਤ ਕੀਤਾ ਗਿਆ ਹੈ, ਜੋ ਵੋਟਾਂ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 14 ਜ਼ੋਨ ਹਨ, ਜਦਕਿ ਪੰਚਾਇਤ ਸੰਮਤੀਆਂ ਦੇ ਕੁੱਲ 112 ਜ਼ੋਨ ਹਨ। ਜਿਨ੍ਹਾਂ ਵਿੱਚੋਂ ਪੰਚਾਇਤ ਸੰਮਤੀ ਫਿਰੋਜ਼ਪੁਰ ਲਈ 16 ਜ਼ੋਨ, ਪੰਚਾਇਤ ਸੰਮਤੀ ਘੱਲ ਖੁਰਦ ਲਈ 23 ਜ਼ੋਨ ਅਤੇ ਪੰਚਾਇਤ ਸੰਮਤੀ ਮਮਦੋਟ ਲਈ 22 ਜ਼ੋਨ, ਪੰਚਾਇਤ ਸੰਮਤੀ ਜ਼ੀਰਾ ਲਈ 19 ਜ਼ੋਨ, ਪੰਚਾਇਤ ਸੰਮਤੀ ਮਖੂ ਲਈ 15 ਜ਼ੋਨ ਅਤੇ ਪੰਚਾਇਤ ਸੰਮਤੀ ਗੁਰੂਹਰਸਹਾਏ ਲਈ 17 ਜ਼ੋਨ ਬਣਾਏ ਗਏ ਹਨ। ਜਿਨ੍ਹਾਂ ਵਿਚ ਜ਼ਿਲ੍ਹੇ ਦੇ ਕੁੱਲ 788 ਗ੍ਰਾਮ ਪੰਚਾਇਤ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ 4,91,291 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿੱਚੋਂ 2,59,880 ਮਰਦ ਅਤੇ 2,31,408 ਔਰਤਾਂ ਜਦਕਿ 03 ਤੀਜੇ ਲਿੰਗ ਦੇ ਵੋਟਰ ਹਨ। ਉਨ੍ਹਾਂ ਕਿਹਾ ਕਿ ਉਪਰੋਕਤ ਚੋਣਾਂ 14 ਦਸੰਬਰ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਵੋਟਿੰਗ ਹੋਵੇਗੀ। ਪੋਲ ਹੋਈਆਂ ਵੋਟਾਂ ਦੀ ਗਿਣਤੀ 17 ਦਸੰਬਰ ਬੁੱਧਵਾਰ ਨੂੰ ਇਸ ਮੰਤਵ ਲਈ ਸਥਾਪਿਤ ਕੀਤੇ ਗਈ ਗਿਣਤੀ ਕੇਂਦਰਾਂ ’ਤੇ ਹੋਵੇਗੀ। ਉਨ੍ਹਾਂ ਸਾਰੇ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਸਮੇਂ ਸਿਰ ਪੋਲਿੰਗ ਸਟੇਸ਼ਨ ’ਤੇ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਬਿਜਲੀ, ਪੀਣ ਵਾਲੇ ਪਾਣੀ, ਖਾਣੇ ਅਤੇ ਟਾਇਲਟ ਆਦਿ ਸਮੇਤ ਬੁਨਿਆਦੀ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਹਨ। ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਲਈ ਵ੍ਹੀਲਚੇਅਰ ਅਤੇ ਸਹਾਇਕ ਸਟਾਫ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਨੂੰ ਪੂਰੀ ਤਰ੍ਹਾਂ ਸ਼ਾਂਤਮਈ, ਪਾਰਦਰਸ਼ੀ ਅਤੇ ਨਿਰਵਿਘਨ ਬਣਾਉਣ ਲਈ ਵਚਨਬੱਧ ਹੈ ਅਤੇ ਚੋਣਾਂ ਦੌਰਾਨ ਕਿਸੇ ਵੀ ਕਿਸਮ ਦੀ ਗੈਰ-ਕਾਨੂੰਨੀ ਸਰਗਰਮੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਸ ਕੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।