ਸੇਵਾ, ਸਮਰਪਣ ਅਤੇ ਸੰਸਕਾਰ ਦਾ ਸੰਗਮ

ਪੰਜਾਬੀ ਜਾਗਰਣ ਟੀਮ, ਗੁਰੂਹਰਸਹਾਏ : ਮਨੁੱਖਤਾ ਸੇਵਾ ਤੇ ਸਮਾਜਿਕ ਸਮਰਸਤਾ ਦੀ ਵਖਰੀ ਮਿਸਾਲ ਪੇਸ਼ ਕਰਦੇ ਹੋਏ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਗੁਰੂਹਰਸਹਾਏ ਵਿਚ 215 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਯੱਗ ਦਾ ਵਿਸ਼ਾਲ ਅਤੇ ਪਵਿੱਤਰ ਸਮਾਰੋਹ ਆਯੋਜਿਤ ਕੀਤਾ। ਇਹ ਪਵਿਤਰ ਕਾਰਜ ਆਧਿਆਤਮਿਕ ਮਹੌਲ ਵਿਚ ਸੰਪੰਨ ਹੋਇਆ। ਨਵ-ਵਿਵਾਹਿਤ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਬਾਬਾ ਧੀਰਿੰਦਰ ਕ੍ਰਿਸ਼ਨ ਸ਼ਾਸਤ੍ਰੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਸਮਾਰੋਹ ਵਿੱਚ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਪਹੁੰਚ ਕੇ ਵੱਡੀ ਗਿਣਤੀ ਵਿਚ ਪਹੁੰਚ ਕੇ ਸ਼ਰਧਾ ਭਾਵਨਾ ਨਾਲ ਭਾਗ ਲਿਆ। ਵਿਆਹ ਯੱਗ ਦੌਰਾਨ ਪੂਰੇ ਸਨਾਤਨ ਰੀਤੀ-ਰਿਵਾਜ਼ਾਂ ਅਨੁਸਾਰ ਵਿਆਹ ਦੇ ਸਭ ਸੰਸਕਾਰ ਕਰਵਾਏ ਗਏ। ਸਮਾਜਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਹਰ ਨਵੇਂ ਜੋੜੇ ਨੂੰ ਗ੍ਰਿਹਸਥ ਜੀਵਨ ਸ਼ੁਰੂ ਕਰਨ ਲਈ ਜ਼ਰੂਰੀ ਘਰੇਲੂ ਸਮਾਨ ਇਸਤਰੀ ਧਨ ਦੇ ਰੂਪ ਵਿਚ ਭੇਂਟ ਕੀਤਾ ਗਿਆ। ਸਮਾਰੋਹ ਵਿਚ ਪਹੁੰਚੇ ਸਾਰੇ ਮਹਿਮਾਨਾਂ ਅਤੇ ਸੰਗਤਾਂ ਲਈ ਲੰਗਰ ਅਤੇ ਜਲਪਾਨ ਦੀ ਸ਼ਾਨਦਾਰ ਵਿਵਸਥਾ ਵੀ ਕੀਤੀ ਗਈ। ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਕਿਸੇ ਵੀ ਸਮਾਜ ਦੀ ਅਸਲੀ ਤਾਕਤ ਉਸ ਦੀਆਂ ਧੀਆਂ ਹੁੰਦੀਆਂ ਹਨ। ਧੀਆਂ ਦਾ ਸਨਮਾਨ, ਉਨ੍ਹਾਂ ਦੀ ਸੁਰੱਖਿਆ ਅਤੇ ਉਨ੍ਹਾਂ ਦਾ ਭਵਿੱਖ ਸੰਵਾਰਨਾ ਸਾਡਾ ਫਰਜ਼ ਹੈ। ਅੱਜ 216 ਲੜਕੀਆਂ ਦਾ ਵਿਆਹ ਸੰਪੰਨ ਹੋਣਾ ਸਿਰਫ ਮੇਰੇ ਲਈ ਨਹੀਂ, ਸਗੋਂ ਪੂਰੇ ਆਵਲਾ ਪਰਿਵਾਰ ਲਈ ਵੱਡੇ ਮਾਣ ਵਾਲਾ ਮੌਕਾ ਹੈ। ਮੇਰੀ ਇੱਛਾ ਹੈ ਕਿ ਜਿਨ੍ਹਾਂ ਦੇ ਘਰ ਵਿਚ ਧੀਆਂ ਦੇ ਵਿਆਹ ਲਈ ਆਰਥਿਕ ਸਥਿਤੀ ਰੁਕਾਵਟ ਬਣਦੀ ਹੈ, ਉਨ੍ਹਾਂ ਪਰਿਵਾਰਾਂ ਦੇ ਸਿਰਾਂ ਤੋਂ ਚਿੰਤਾ ਦਾ ਬੋਝ ਹਟ ਸਕੇ। ਮੈਂ ਪ੍ਰਭੂ ਅੱਗੇ ਅਰਦਾਸ ਕਰਦਾ ਹਾਂ ਕਿ ਸਾਰੇ ਜੋੜੇ ਖੁਸ਼ਹਾਲ ਤੇ ਸ਼ਾਂਤੀਪੂਰਨ ਗ੍ਰਿਹਸਥ ਜੀਵਨ ਬਿਤਾਉਣ।
ਨਵ ਵਿਆਹੁਤਾ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਪੁੱਜੇ ਬਾਬਾ ਧਰਿੰਦਰ ਕ੍ਰਿਸ਼ਨ ਸ਼ਾਸਤ੍ਰੀ ਨੇ ਕਿਹਾ ਕਿ ਸਮੂਹਿਕ ਵਿਆਹ ਯੱਗ ਬਹੁਤ ਵੱਡਾ ਪੁੰਨ ਅਤੇ ਮਹਾਨ ਸੇਵਾ ਕਾਰਜ ਹੈ। ਸੇਵਾ ਰਾਹੀਂ ਸਮਾਜ ਦੀ ਭਲਾਈ ਹੀ ਸੱਚੀ ਭਕਤੀ ਹੈ। ਧਰਿੰਦਰ ਸ਼ਾਸਤਰੀ ਨੇ ਕਿਹਾ ਰਮਿੰਦਰ ਸਿੰਘ ਆਵਲਾ ਵੱਲੋਂ ਆਯੋਜਿਤ ਇਹ ਸਮਾਰੋਹ ਸਮਾਜ ਨੂੰ ਪ੍ਰੇਮ, ਕਰੁਣਾ ਅਤੇ ਸਹਿਯੋਗ ਦਾ ਪਵਿਤਰ ਸੰਦੇਸ਼ ਦਿੰਦਾ ਹੈ। ਮੈਂ ਪ੍ਰਭੂ ਅੱਗੇ ਅਰਦਾਸ ਕਰਦਾ ਹਾਂ ਕਿ ਸਾਰੇ ਨਵੇਂ ਜੋੜਿਆਂ ਦੇ ਜੀਵਨ ਵਿੱਚ ਹਰ ਵੇਲੇ ਖੁਸ਼ੀਆਂ, ਸਦਭਾਵਨਾ ਅਤੇ ਸਮ੍ਰਿੱਧੀ ਬਣੀ ਰਹੇ। ਪੂਰੇ ਸਮਾਰੋਹ ਦੌਰਾਨ ਭਗਤੀ-ਭਾਵਨਾ, ਵੇਦ ਮੰਤਰਾਂ ਦੀ ਧੁਨ ਅਤੇ ਰੂਹਾਨੀ ਵਾਤਾਵਰਣ ਨੇ ਹਰੇਕ ਦਿਲ ਨੂੰ ਛੂਹਿਆ। ਨਵ-ਵਿਵਾਹਿਤ ਜੋੜਿਆਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਪਵਿੱਤਰ ਯੱਗ ਲਈ ਆਯੋਜਕਾਂ ਦਾ ਧੰਨਵਾਦ ਕੀਤਾ ਅਤੇ ਇਸ ਪਲ ਨੂੰ ਆਪਣੇ ਜੀਵਨ ਦਾ ਸਭ ਤੋਂ ਸੁਹਣਾ ਅਤੇ ਕਦੇ ਵੀ ਨਾ ਭੁੱਲਣ ਵਾਲਾ ਯਾਦਗਾਰ ਦਿਨ ਦਸਿਆ।
ਉਧਰ ਨਵੇਂ ਜੋੜਿਆਂ ਦੇ ਪਰਿਵਾਰਾਂ ਨੇ ਕਿਹਾ ਕਿ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਕੀਤਾ ਸਮੂਹਿਕ ਵਿਆਹ ਯੱਗ ਇਲਾਕੇ ਵਿੱਚ ਭਾਵੁਕ ਅਤੇ ਸਕਾਰਾਤਮਕ ਵਾਤਾਵਰਣ ਲਿਆਇਆ ਹੈ। ਜਦੋਂ ਬਹੁਤ ਸਾਰੇ ਪਰਿਵਾਰ ਆਰਥਿਕ ਤੰਗੀ ਕਾਰਨ ਵਿਆਹ ਦੀ ਚਿੰਤਾ ਵਿੱਚ ਰਹਿੰਦੇ ਹਨ, ਐਸੇ ਸਮੇਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਚੁੱਕਿਆ ਇਹ ਕਦਮ ਸਮਾਜ ਲਈ ਪ੍ਰੇਰਨਾ ਹੈ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਵੱਲੋਂ ਗੁਰੂਹਰਸਹਾਇ ਖੇਤਰ ਦੀ ਖੁਸ਼ਹਾਲੀ ਲਈ ਵਿਸ਼ਾਲ ਵਿਸ਼ਣੂ ਯੱਗ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਦੇਸ਼ ਭਰ ਤੋਂ ਪਹੁੰਚੀਆਂ ਮਹਾਨ ਸੰਤਾਂ ਅਤੇ ਵਿਸ਼ੇਸ਼ ਹਸਤੀਆਂ ਨੇ ਮੰਗਲ ਕਾਮਨਾਵਾਂ ਲਈ ਹਵਣ ਯੱਗ ਵਿੱਚ ਪੂਰਨ ਆਹੂਤੀਆਂ ਪਾਈਆਂ ਸਨ। ਇਸ ਮੌਕੇ ਸੁਖਬੀਰ ਸਿੰਘ ਆਵਲਾ, ਜਸਵੀਰ ਸਿੰਘ ਆਵਲਾ, ਜਤਿਨ ਆਵਲਾ ਸਮੇਤ ਖੇਤਰ ਦੀਆਂ ਕਈ ਪ੍ਰਮੁੱਖ ਹਸਤੀਆਂ ਮੌਜ਼ੂਦ ਸਨ।