ਡੀਜੀਪੀ ਗੌਰਵ ਯਾਦਵ ਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸਐੱਸਓਸੀ) ਦੇ ਏਆਈਜੀ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਐੱਸਐੱਸਓਸੀ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਡੇਗੀ ਗਈ ਹੈਰੋਇਨ ਦੀ ਵੱਡੀ ਖੇਪ ਨੂੰ ਅੱਗੇ ਦੇਣ ਲਈ ਦੋਵੇਂ ਮੁਲਜ਼ਮ ਮਾਰੂਤੀ ਕਾਰ ’ਚ ਸਵਾਰ ਹੋ ਕੇ ਜਾ ਰਹੇ ਹਨ।

ਜਾਗਰਣ ਟੀਮ, ਅੰਮ੍ਰਿਤਸਰ, ਫ਼ਿਰੋਜ਼ਪੁਰ : ਪੰਜਾਬ ਪੁਲਿਸ ਤੇ ਬੀਐੱਸਐੱਫ ਨੇ ਅੰਮ੍ਰਿਤਸਰ ਤੇ ਫ਼ਿਰੋਜ਼ਪੁਰ ’ਚ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਵੱਲੋਂ ਪਾਕਿ ਤਸਕਰਾਂ ਦੀ ਮਦਦ ਨਾਲ ਭੇਜੀ ਗਈ ਹੈਰੋਇਨ ਦੀ ਵੱਡੀ ਖੇਪ ਨੂੰ ਬਰਾਮਦ ਕਰਨ ’ਚ ਕਾਮਯਾਬੀ ਹਾਸਲ ਕੀਤੀ ਹੈ। ਸ਼ਨਿਚਰਵਾਰ ਨੂੰ ਅੰਮ੍ਰਿਤਸਰ ’ਚ ਤਿੰਨ ਮਾਮਲਿਆਂ ’ਚ ਕੁੱਲ 72 ਕਿੱਲੋ ਹੈਰੋਇਨ ਤੇ ਇਕ ਡ੍ਰੋਨ ਬਰਾਮਦ ਕਰਨ ਦੇ ਨਾਲ ਹੀ ਚਾਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਫ਼ਿਰੋਜ਼ਪੁਰ ’ਚ ਸੱਤ ਕਿੱਲੋ ਹੈਰੋਇਨ ਦੇ ਨਾਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੰਮ੍ਰਿਤਸਰ ’ਚ ਬਰਾਮਦ ਕੁੱਲ ਹੈਰੋਇਨ ’ਚੋਂ 64.62 ਕਿੱਲੋ ਹੈਰੋਇਨ ਪੁਲਿਸ ਨੇ ਦੋ ਤਸਕਰਾਂ ਤੋਂ ਬਰਾਮਦ ਕੀਤੀ ਹੈ। ਇਨ੍ਹਾਂ ਦੀ ਪਛਾਣ ਥਾਣਾ ਭਿੰਡੀ ਸੈਂਦਾ ਦੇ ਅਧੀਨ ਪਿੰਡ ਅਵਾਨ ਵਸਾਉ ਦੇ ਸਵਰਣ ਸਿੰਘ ਤੇ ਪਿੰਡ ਦਿਆਲ ਨਗਰ ਦੇ ਸ਼ਮਸ਼ੇਰ ਸਿੰਘ ਦੇ ਰੂਪ ’ਚ ਹੋਈ ਹੈ। ਦੋਵੇਂ ਪਾਕਿਸਤਾਨ ਦੇ ਬਦਨਾਮ ਤਸਕਰ ਮੂਸਾ ਤੇ ਆਈਐੱਸਆਈ ਦੇ ਪੁਰਤਗਾਲ ’ਚ ਰਹਿੰਦੇ ਹੈਂਡਲਰ ਦੇ ਸੰਪਰਕ ’ਚ ਸਨ ਤੇ ਇਸੇ ਖੇਪ ਨੂੰ ਟਿਕਾਣੇ ਲਾਉਣ ਦੇ ਬਦਲੇ ਉਨ੍ਹਾਂ ਨੂੰ ਵੱਡੀ ਰਕਮ ਦੇਣ ਦੀ ਗੱਲ ਕਹੀ ਗਈ ਸੀ।
ਡੀਜੀਪੀ ਗੌਰਵ ਯਾਦਵ ਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸਐੱਸਓਸੀ) ਦੇ ਏਆਈਜੀ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਐੱਸਐੱਸਓਸੀ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਡੇਗੀ ਗਈ ਹੈਰੋਇਨ ਦੀ ਵੱਡੀ ਖੇਪ ਨੂੰ ਅੱਗੇ ਦੇਣ ਲਈ ਦੋਵੇਂ ਮੁਲਜ਼ਮ ਮਾਰੂਤੀ ਕਾਰ ’ਚ ਸਵਾਰ ਹੋ ਕੇ ਜਾ ਰਹੇ ਹਨ। ਇਸ ਸੂਚਨਾ ਤੋਂ ਬਾਅਦ ਟੀਮ ਨੇ ਪਿੰਡ ਮਾਹਲ ਦੇ ਕੋਲ ਨਾਕਾਬੰਦੀ ਕਰ ਕੇ ਜਦ ਦੋਵਾਂ ਨੂੰ ਰੋਕਿਆ ਤਾਂ ਕਾਰ ’ਚੋਂ 64.62 ਕਿੱਲੋ ਹੈਰੋਇਨ ਬਰਾਮਦ ਹੋਈ। ਸ਼ੁਰੂਆਤੀ ਪੁੱਛਗਿੱਛ ’ਚ ਮੁਲਜ਼ਮਾਂ ਨੇ ਸਵੀਕਾਰ ਕੀਤਾ ਕਿ ਇਹ ਖੇਪ ਕੁਝ ਦਿਨ ਪਹਿਲਾਂ ਪਾਕਿਸਤਾਨੀ ਤਸਕਰਾਂ ਨੇ ਡ੍ਰੋਨ ਤੋਂ ਵੱਖ-ਵੱਖ ਥਾਵਾਂ ’ਤੇ ਡੇਗੀ ਸੀ। ਇਸ ਖੇਪ ਨੂੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਸੁਰੱਖਿਅਤ ਆਪਣੇ ਕੋਲ ਰੱਖ ਲਿਆ ਸੀ ਤੇ ਹੁਣ ਇਸ ਨੂੰ ਅੱਗੇ ਸਪਲਾਈ ਕਰਨ ਜਾ ਰਹੇ ਸਨ। ਮੁਲਜ਼ਮਾਂ ਨੂੰ ਸ਼ਨਿਚਰਵਾਰ ਦੀ ਸ਼ਾਮ ਜੱਜ ਗਰਿਮਾ ਗੁਪਤਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਕੋਰਟ ਨੇ ਉਨ੍ਹਾਂ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ। ਏਆਈਜੀ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।
ਲੋਕੇਸ਼ਨ ਭੇਜ ਕੇ ਮੰਗਵਾਉਂਦੇ ਸਨ ਨਸ਼ਾ ਤੇ ਹੈਰੋਇਨ, ਦੋ ਗ੍ਰਿਫ਼ਤਾਰ
ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਕਸਬਾ ਖਾਲੜਾ ’ਚ ਬੀਐੱਸਐੱਫ ਤੇ ਪੰਜਾਬ ਪੁਲਿਸ ਨੇ ਡ੍ਰੋਨ ਰਾਹੀਂ ਭੇਜੀ ਇਕ ਕਿੱਲੋ ਹੈਰੋਇਨ ਤੇ ਇਕ ਨੌਂ ਐੱਮਐੱਮ ਦੇ ਪਿਸਟਲ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪਿੰਡ ਮਾੜੀਮੇਘਾ ਨਿਵਾਸੀ ਆਕਾਸ਼ਦੀਪ ਸਿੰਘ ਤੇ ਭਿਖੀਵਿੰਡ ਨਿਵਾਸੀ ਕਰਨਦੀਪ ਸਿੰਘ ਦੇ ਰੂਪ ’ਚ ਹੋਈ ਹੈ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਦੋਵਾਂ ਦੇ ਸਬੰਧ ਪਾਕਿਸਤਾਨ ਨਾਲ ਹਨ ਤੇ ਮੋਬਾਈਲ ਰਾਹੀਂ ਲੋਕੇਸ਼ਨ ਭੇਜ ਕੇ ਡ੍ਰੋਨ ਰਾਹੀਂ ਨਾਜਾਇਜ਼ ਅਸਲਾ ਮੰਗਵਾਉਂਦੇ ਸਨ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।
ਬੀਓਪੀ ਪੁਲ਼ ਮੋਰਾਂ ’ਚ ਸੱਤ ਕਿੱਲੋ ਹੈਰੋਇਨ ਤੇ ਡ੍ਰੋਨ ਮਿਲਿਆ
ਇਕ ਹੋਰ ਮਾਮਲੇ ’ਚ ਬੀਐੱਸਐੱਫ ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਬਾਰਡਰ ਆਊਟ ਪੋਸਟ (ਬੀਓਪੀ) ਪੁਲ਼ ਮੋਰਾਂ ਦੇ ਕੋਲ ਇਕ ਵੱਡਾ ਡ੍ਰੋਨ ਤੇ ਸੱਤ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਲੋਪੋਕੇ ਥਾਣੇ ’ਚ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਬਰਾਮਦ ਕੀਤੇ ਗਏ ਡ੍ਰੋਨ ਨੂੰ ਵੀ ਜਾਂਚ ਲਈ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲੀ ਜਵਨਰੀ ਤੋਂ ਲੈ ਕੇ ਪਹਿਲੀ ਅਪ੍ਰੈਲ ਤੱਕ ਬੀਐੱਸਐੱਫ ਤੇ ਹੋਰ ਏਜੰਸੀਆਂ ਕੁੱਲ 48 ਡ੍ਰੋਨ ਬਰਾਮਦ ਕਰ ਚੁੱਕੀਆਂ ਹਨ।
2019 ’ਚ ਬਰਾਮਦ 532 ਕਿੱਲੋ ਹੈਰੋਇਨ ਬਰਾਮਦਗੀ ’ਚ ਵੀ ਸ਼ਾਮਲ ਸੀ ਮੂਸਾ
ਏਆਈਜੀ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਹ ਵੱਡੀ ਖੇਪ ਪਾਕਿਸਤਾਨੀ ਤਸਕਰ ਮੂਸਾ ਨੇ ਹੀ ਪੁਰਤਗਾਲ ਵਿਚ ਰਹਿੰਦੇ ਇਕ ਹੈਂਡਲਰ ਦੇ ਰਾਹੀਂ ਭਾਰਤ ਪਹੁੰਚਾਈ ਸੀ। ਉਨ੍ਹਾਂ ਨੇ ਦੱਸਿਆ ਕਿ 2019 ’ਚ ਭਾਰਤ ਪਾਕਿਸਤਾਨ ਸਰਹੱਦ ’ਤੇ ਕਸਟਮ ਵਿਭਾਗ ਵੱਲੋਂ ਫੜੀ ਗਈ 532 ਕਿੱਲੋ ਹੈਰੋਇਨ ਦੇ ਮਾਮਲੇ ’ਚ ਵੀ ਮੂਸਾ ਦਾ ਨਾਂ ਸਾਹਮਣੇ ਆਇਆ ਸੀ।
ਰੇਡੀਅਮ ਦੀ ਪੱਟੀ ਲਾ ਕੇ ਰਾਤ ਨੂੰ ਸੁੱਟੀ ਜਾਂਦੀ ਸੀ ਖੇਪ
ਫ਼ਿਰੋਜ਼ਪੁਰ ’ਚ ਪੁਲਿਸ ਵੱਲੋਂ ਤਿੰਨ ਮਾਮਲਿਆਂ ’ਚ ਸਾਢੇ ਪੰਜ ਕਿੱਲੋ ਹੈਰੋਇਨ ਬਰਾਮਦ ਕਰਨ ਦੇ ਦੌਰਾਨ ਇਸ ਗੱਲ ਦਾ ਪਰਦਾਫ਼ਾਸ਼ ਹੋਇਆ ਹੈ ਕਿ ਪਾਕਿਸਤਾਨ ਤੋਂ ਤਸਕਰ ਡ੍ਰੋਨ ਰਾਹੀਂ ਰਾਤ ਨੂੰ ਇਹ ਖੇਪ ਭੇਜਦੇ ਸਨ। ਖੇਪ ’ਤੇ ਰੇਡੀਅਮ ਦੀ ਪੱਟੀ ਲੱਗੀ ਹੁੰਦੀ ਸੀ ਜਿਸ ਨਾਲ ਭਾਰਤੀ ਸਰਹੱਦ ’ਚ ਇਸ ਨੂੰ ਡੇਗਣ ਤੋਂ ਬਾਅਦ ਉਸ ਦਾ ਪਤਾ ਲਾਉਣਾ ਸੋਖਾ ਹੁੰਦਾ ਸੀ। ਪਹਿਲੇ ਮਾਮਲੇ ’ਚ ਐਂਟੀ ਨਾਰਕੋਟਿਕਸ ਟਾਕਸ ਫੋਰਸ (ਏਐੱਨਟੀਐੱਫ) ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਦੇ ਪਿੰਡ ਅਨੈਤਪੁਰਾ ਨਿਵਾਸੀ ਹਰਪਾਲ ਸਿੰਘ ਤੇ ਅੰਮ੍ਰਿਤਸਰ ਦੇ ਹੀ ਥਾਣਾ ਰਾਜਾਸਾਂਸੀ ਦੇ ਅਧੀਨ ਪਿੰਡ ਮੱਲੂ ਨੰਗਲ ਨਿਵਾਸੀ ਸ਼ਮਸ਼ੇਰ ਸਿੰਘ ਨੂੰ ਦੋ ਕਿੱਲੋ 37 ਗ੍ਰਾਮ ਹੈਰੋਇਨ ਤੇ ਇਕ ਇਨੋਵਾ ਕ੍ਰਿਸਟਾ ਕਾਰ ਦੇ ਨਾਲ ਫੜਿਆ। ਦੂਜੇ ਮਾਮਲੇ ’ਚ ਟੀਮ ਨੇ ਫ਼ਿਰੋਜ਼ਪੁਰ ਦੇ ਹੀ ਥਾਣਾ ਸਦਰ ਦੇ ਅਧੀਨ ਪਿੰਡ ਪ੍ਰੀਤਮ ਸਿੰਘ ਵਾਲਾ ਨਿਵਾਸੀ ਸੁਪਨਪ੍ਰੀਤ ਸਿੰਘ ਨੂੰ 2.487 ਕਿਲੋਗ੍ਰਾਮ ਹੈਰੋਇਨ, ਪੈਕਿੰਗ ਸਮੱਗਰੀ ਤੇ ਰੇਡੀਅਮ ਸਟ੍ਰਿਪਸ ਦੇ ਨਾਲ ਫੜਿਆ। ਇਸੇ ਤਰ੍ਹਾਂ ਥਾਣਾ ਸਦਰ ਫ਼ਿਰੋਜ਼ਪੁਰ ਦੇ ਏਐੱਸਆਈ ਗੁਰਦੇਵ ਸਿੰਘ ਨੇ ਪਿੰਡ ਕਿਲਚੇ ਨਿਵਾਸੀ ਓਮ ਪ੍ਰਕਾਸ਼ ਨੂੰ ਇਕ ਕਿੱਲੋ 84 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ।