ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ 37ਵਾਂ ਸਾਲਾਨਾ ਨਾਮ ਜਾਪ, ਕਥਾ ਕੀਰਤਨ ਦੁੱਖ ਨਿਵਾਰਨ ਕੈਂਪ ਸ਼ੁਰੂ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ 37ਵਾਂ ਸਾਲਾਨਾ ਨਾਮ ਜਾਪ, ਕਥਾ-ਕੀਰਤਨ ਦੁੱਖ ਨਿਵਾਰਨ ਕੈਂਪ ਸ਼ੁਰੂ
Publish Date: Wed, 26 Nov 2025 03:02 PM (IST)
Updated Date: Wed, 26 Nov 2025 03:05 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ, ਜਲਾਲਾਬਾਦ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਜਲਾਲਾਬਾਦ ਪੱਛਮੀ ਵਿੱਚ ਅੱਜ ਦਿਨ ਬੁੱਧਵਾਰ ਤੋਂ 37ਵਾਂ ਸਾਲਾਨਾ ਪੰਜ ਰੋਜ਼ਾ ਨਾਮ ਜਾਪ, ਕਥਾ-ਕੀਰਤਨ ਦੁੱਖ ਨਿਵਾਰਨ ਕੈਂਪ ਦਾ ਸ਼ੁੱਭ ਆਰੰਭ ਹੋਣ ਜਾ ਰਿਹਾ ਹੈ। ਇਹ ਪਵਿੱਤਰ ਧਾਰਮਿਕ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਇਸਤਰੀ ਸਭਾ ਅਤੇ ਇਲਾਕੇ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਕੈਂਪ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ ਲਈ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਪੂਰਨ ਸਿੰਘ ਕਾਮਰਾ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਵਿੱਚ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਾਗ ਲਿਆ ਅਤੇ ਇਸ ਵਿਸ਼ਾਲ ਧਾਰਮਿਕ ਆਯੋਜਨ ਨੂੰ ਸਫਲ ਬਣਾਉਣ ਲਈ ਤਨ-ਮਨ-ਧਨ ਨਾਲ ਸੇਵਾ ਨਿਭਾਉਣ ਦਾ ਸੰਕਲਪ ਲਿਆ। ਇਸ ਮੌਕੇ ਪ੍ਰਧਾਨ ਸੰਪੂਰਨ ਸਿੰਘ ਕਾਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ ਦਾ ਇਹ ਸਾਲਾਨਾ ਸਮਾਗਮ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350ਵੀਂ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਹੈ। ਸੱਚੇ ਧਰਮ, ਮਨੁੱਖਤਾ ਅਤੇ ਇਨਸਾਫ਼ ਦੀ ਰੱਖਿਆ ਲਈ ਦਿੱਤੇ ਗਏ ਇਨ੍ਹਾਂ ਅਮਰ ਬਲਿਦਾਨਾਂ ਨੂੰ ਯਾਦ ਕਰਦਿਆਂ, ਸਾਧ ਸੰਗਤ ਨੂੰ ਗੁਰਬਾਣੀ, ਸਿਮਰਨ ਅਤੇ ਕੀਰਤਨ ਦਾ ਰੂਹਾਨੀ ਆਨੰਦ ਪ੍ਰਾਪਤ ਹੋਵੇਗਾ। ਇਸ ਪੰਜ ਰੋਜ਼ਾ ਕੈਂਪ ਵਿੱਚ ਬਾਹਰਲੇ ਸ਼ਹਿਰਾਂ ਤੋਂ ਪਹੁੰਚੇ ਪ੍ਰਸਿੱਧ ਰਾਗੀ ਜਥੇ ਅਤੇ ਕਥਾਵਾਚਕ ਹਰ ਰੋਜ਼ ਸਵੇਰੇ-ਸ਼ਾਮ ਨਾਮ ਜਾਪ, ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਗੇ। ਸੰਗਤ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਪਹੁੰਚ ਰਹੀ ਹੈ ਅਤੇ ਧਾਰਮਿਕ ਉਤਸ਼ਾਹ ਦਾ ਮਾਹੌਲ ਦੇਖਣਯੋਗ ਹੈ। ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਅੰਮ੍ਰਿਤ ਸੰਚਾਰ 30 ਨਵੰਬਰ (ਦਿਨ ਐਤਵਾਰ) ਨੂੰ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਇੱਛੁਕ ਸੰਗਤ ਅੰਮ੍ਰਿਤਪਾਨ ਕਰਕੇ ਅਧਿਆਤਮਿਕ ਲਾਭ ਪ੍ਰਾਪਤ ਕਰ ਸਕੇਗੀ। ਕੈਂਪ ਦੌਰਾਨ ਗੁਰੂ ਘਰ ਦਾ ਅਤੁੱਟ ਲੰਗਰ 24 ਘੰਟੇ ਚੱਲਦਾ ਰਹੇਗਾ, ਅਤੇ ਸੇਵਾਦਾਰ ਦਿਨ-ਰਾਤ ਸੇਵਾ ਕਰਦੇ ਨਜ਼ਰ ਆਉਣਗੇ। ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਇਹ ਸਮਾਗਮ ਕੇਵਲ ਧਾਰਮਿਕ ਹੀ ਨਹੀਂ, ਸਗੋਂ ਸਮਾਜਿਕ ਏਕਤਾ, ਭਾਈਚਾਰੇ ਦੀ ਮਜ਼ਬੂਤੀ ਅਤੇ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੀ ਮਹਾਨ ਬਾਣੀ ਅਤੇ ਸ਼ਹਾਦਤ ਭਰੇ ਇਤਿਹਾਸ ਨਾਲ ਜੋੜਨ ਦਾ ਪਵਿੱਤਰ ਉਪਰਾਲਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਲਾਕੇ ਦੀ ਸਾਧ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਗੁਰੂ ਕਿਰਪਾ ਦਾ ਲਾਭ ਪ੍ਰਾਪਤ ਕਰਨ ਅਤੇ ਰੂਹਾਨੀ ਸ਼ਾਂਤੀ ਦਾ ਅਨੁਭਵ ਕਰਨ।