ਸੂਬਾ ਪੱਧਰੀ ਡੈਕਲਾਮੇਸ਼ਨ ਮੁਕਾਬਲੇ ’ਚ ਰੀਤ ਰਹੀ ਤੀਜੇ ਸਥਾਨ ’ਤੇ
ਵੀਰ ਬਾਲ ਦਿਵਸ ਨੂੰ ਸਮੱਰਪਿਤ ਸੂਬਾ ਪੱਧਰੀ ਡੈਕਲਾਮੇਸ਼ਨ ਮੁਕਾਬਲੇ ਵਿੱਚ ਵਿਦਿਆਰਥਣ ਰੀਤ ਨੇ ਪ੍ਰਾਪਤ ਕੀਤਾ ਤੀਸਰਾ ਸਥਾਨ
Publish Date: Wed, 17 Dec 2025 05:13 PM (IST)
Updated Date: Wed, 17 Dec 2025 05:15 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫ਼ਾਜ਼ਿਲਕਾ : ਚਾਈਲਡ ਵੈੱਲਫੇਅਰ ਐਸੋਸੀਏਸ਼ਨ, ਪੰਜਾਬ ਵਲੋ ਲੁਧਿਆਣਾ ਵਿਖੇ ਆਯੋਜਿਤ ਰਾਜ ਪੱਧਰੀ ਵੀਰ ਬਾਲ ਦਿਵਸ ਮੁਕਾਬਲਿਆਂ ਵਿੱਚ ਡੇਕਲਾਮੇਸ਼ਨ ਮੁਕਾਬਲੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਕਮਰੇਵਾਲਾ ਦੀ ਵਿਦਿਆਰਥਣ ਰੀਤ ਨੇ ਤੀਸਰਾ ਸਥਾਨ ਹਾਸਲ ਕੀਤਾ। ਬੱਚੇ ਦੀ ਇਸ ਪ੍ਰਾਪਤੀ ਤੇ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਸਤੀਸ਼ ਕੁਮਾਰ ਜੀ ਨੇ ਬੱਚੇ ਦੇ ਮਾਤਾ-ਪਿਤਾ ਦੇ ਨਾਲ-ਨਾਲ ਸਕੂਲ ਦੇ ਸਮੂਹ ਸਟਾਫ਼ ਨੂੰ ਬਹੁਤ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਤੀਜਾ ਸਥਾਨ ਪ੍ਰਾਪਤ ਕਰਨ ਤੇ ਵਿਦਿਆਰਥਣ ਰੀਤ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਰੀਤ ਨੇ ਆਪਣੇ ਮਾਪਿਆਂ, ਅਧਿਆਪਕਾਂ ਦੇ ਨਾਲ ਪਿੰਡ ਅਤੇ ਜ਼ਿਲ੍ਹੇ ਦਾ ਨਾਂ ਵੀ ਰੋਸ਼ਨ ਕੀਤਾ ਹੈ। ਬਲਾਕ ਗੁਰੂ ਹਰਸਹਾਏ-3 ਦੇ ਬੀਪੀਈਓ ਮੈਡਮ ਸੁਸ਼ੀਲ ਕੁਮਾਰੀ ਜੀ ਨੇ ਦੱਸਿਆ ਕਿ ਮੁਕਾਬਲੇ ਦੇ ਵਿਸ਼ੇ ਆਰਟੀਫਿਸ਼ਲ ਇੰਟੈਲੀਜੈਂਸ ਬਾਰੇ ਜਾਣਕਾਰੀ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਅਤੇ ਅੱਜ ਦੇ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਹ ਬਲਾਕ ਲਈ ਮਾਣ ਦੀ ਗੱਲ ਹੈ ਕਿ ਸਾਡੇ ਬਲਾਕ ਦੀ ਵਿਦਿਆਰਥਣ ਨੇ ਇਹ ਪ੍ਰਾਪਤੀ ਹਾਸਲ ਕੀਤੀ ਹੈ। ਇਨ੍ਹਾਂ ਮੁਕਾਬਲਿਆਂ ਦੇ ਜ਼ਿਲ੍ਹਾ ਨੋਡਲ ਅਫ਼ਸਰ ਸੁਨੀਲ ਕੁਮਾਰ ਨੇ ਦੱਸਿਆ ਰੀਤ ਦੇ ਗਾਈਡ ਅਧਿਆਪਕ ਮੈਡਮ ਸ਼ਿਲਪਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਮਰੇ ਵਾਲਾ ਦੇ ਸਮੂਹ ਸਟਾਫ਼ ਦੀ ਮਿਹਨਤ ਕਰਕੇ ਇਹ ਪ੍ਰਾਪਤੀ ਫਾਜ਼ਿਲਕਾ ਜ਼ਿਲ੍ਹੇ ਨੂੰ ਹਾਸਲ ਹੋਈ। ਉਨ੍ਹਾਂ ਨੇ ਰੈੱਡ ਕਰਾਸ ਸੁਸਾਇਟੀ, ਜ਼ਿਲ੍ਹਾ ਫਾਜ਼ਿਲਕਾ ਅਤੇ ਚਾਈਲਡ ਵੈੱਲਫੇਅਰ ਕੌਂਸਲ, ਪੰਜਾਬ ਦਾ ਬਹੁਤ ਧੰਨਵਾਦ ਕੀਤਾ ਜਿਸ ਕਾਰਨ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲਿਆਂ ਰਾਹੀਂ ਸ੍ਵੈ-ਪ੍ਰਗਟਾਵੇ ਦੇ ਮੌਕੇ ਮਿਲ ਰਹੇ ਹਨ।