ਮਨੁੱਖਾ ਜਨਮ ਨੂੰ ਵਿਅਰਥ ਗੁਆਉਣਾ ਸਭ ਤੋਂ ਵੱਡੀ ਹਾਨੀ ਹੈ : ਭਾਈ ਮੰਗਲ ਸਿੰਘ
ਮਨੁੱਖਾ ਜਨਮ ਨੂੰ ਵਿਅਰਥ ਗੁਆਉਣਾ ਮਨੁੱਖ ਲਈ ਸਭ ਤੋਂ ਵੱਡੀ ਹਾਨੀ ਹੈ:ਭਾਈ ਮੰਗਲ ਸਿੰਘ
Publish Date: Fri, 05 Dec 2025 04:26 PM (IST)
Updated Date: Fri, 05 Dec 2025 04:30 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਫਾਜ਼ਿਲਕਾ ਪਿੰਡ ਪ੍ਰਭਾਤ ਸਿੰਘ ਵਾਲਾ ਉਰਫ਼ ਸੁਬਾਜ਼ ਪਿੰਡ ਵਿੱਚ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਆਯੋਜਿਤ ਤਿੰਨ ਦਿਨਾਂ ਅਧਿਆਤਮਿਕ ਪ੍ਰਵਚਨ ਅਤੇ ਭਜਨ ਕੀਰਤਨ ਸਮਾਗਮ ਗੂੜ੍ਹੇ ਆਧਿਆਤਮਿਕ ਵਿਚਾਰਾਂ ਅਤੇ ਭਗਤੀਮਈ ਰਸ ਨਾਲ ਭਰਪੂਰ ਰਿਹਾ। ਸੰਗਤ ਨੂੰ ਸੰਬੋਧਿਤ ਕਰਦਿਆਂ ਭਾਈ ਸਾਹਿਬ ਭਾਈ ਮੰਗਲ ਸਿੰਘ ਨੇ ਗੁਰੂ ਸਹਿਬਾਨਾਂ ਦੇ ਅਮੋਲਕ ਉਪਦੇਸ਼ਾਂ ਨੂੰ ਸਾਫ਼-ਸੁਥਰੇ ਅੰਦਾਜ਼ ਵਿੱਚ ਸੰਗਤਾਂ ਸਾਹਮਣੇ ਰੱਖਿਆ। ਉਹਨਾਂ ਕਿਹਾ ਕਿ ਬਿਨਾਂ ਗਿਆਨ ਦੇ ਮਨੁੱਖਾ ਜੀਵਨ ਆਪਣੀ ਅਸਲੀ ਮੰਜਿਲ ਤੱਕ ਨਹੀਂ ਪਹੁੰਚ ਸਕਦਾ, ਕਿਉਂਕਿ ਇਹ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ, ਕਈ ਲੱਖ ਜਨਮਾਂ ਦੀ ਭਟਕਣਾ ਤੋ ਬਾਅਦ ਮਿਲਦਾ ਹੈ। ਇਸਨੂੰ ਵਿਅਰਥ ਗੁਆਉਣਾ ਮਨੁੱਖ ਲਈ ਸਭ ਤੋਂ ਵੱਡੀ ਹਾਨੀ ਹੈ। ਭਾਈ ਸਾਹਿਬ ਭਾਈ ਮੰਗਲ ਸਿੰਘ ਨੇ ਧਾਰਮਿਕ ਗ੍ਰੰਥਾਂ ਦੀ ਕਸੌਟੀ ਤੇ ਸਮਝਾਇਆ ਕਿ ਜੀਵਨ ਨੂੰ ਸਾਰਥਕ ਕਰਨ ਲਈ ਪੂਰਨ ਸਤਿਗੁਰੂ ਦੀ ਖੋਜ ਬਹੁਤ ਜ਼ਰੂਰੀ ਹੈ। ਬਿਨਾਂ ਪੂਰੇ ਗੁਰੂ ਦੇ ਸਹਾਰੇ ਮਨੁੱਖ ਸੰਸਾਰ ਰੂਪੀ ਭਵਸਾਗਰ ਤੋਂ ਪਾਰ ਨਹੀਂ ਹੋ ਸਕਦਾ। ਪੂਰੇ ਗੁਰੂ ਦੀ ਪਹਿਚਾਣ ਉਹਨਾਂ ਨੇ ਬ੍ਰਹਮ ਗਿਆਨ ਦੱਸੀ-ਜੋ ਮਨੁੱਖ ਦੇ ਸਰੀਰ ਰੂਪੀ ਮੰਦਰ ਨੂੰ ਪਰਮਾਤਮਾ ਦੇ ਅਸਲ ਸਰੂਪ ਪ੍ਰਕਾਸ਼ ਨਾਲ ਭਰ ਦਿੰਦਾ ਹੈ ਤੇ ਜਿਸ ਦੇ ਰਾਹੀਂ ਮਨੁੱਖ ਨੂੰ ਆਪਣੇ ਅੰਦਰ ਹੀ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਜਦੋਂ ਮਨੁੱਖ ਨੂੰ ਪੂਰਨ ਸਤਿਗੁਰੂ ਵੱਲੋਂ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ, ਫਿਰ ਉਸਦਾ ਜੀਵਨ ਅੰਧਕਾਰ ਤੋਂ ਰੋਸ਼ਨੀ ਵੱਲ ਮੁੜਦਾ ਹੈ, ਚਿੰਤਾ ਤੋਂ ਸ਼ਾਂਤੀ ਵੱਲ ਬਦਲਦਾ ਹੈ ਅਤੇ ਰੂਹ ਪਰਮਾਤਮਾ ਨਾਲ ਜੁੜਨ ਦੇ ਰਾਹ ਤੇ ਤੁਰ ਪੈਂਦੀ ਹੈ। ਫਿਰ ਹੀ ਭਗਤੀ ਦੀ ਸ਼ੁਰੂਆਤ ਹੁੰਦੀ ਹੈ। ਸਮਾਗਮ ਦੇ ਕੀਰਤਨ ਭਾਗ ਵਿੱਚ ਭਾਈ ਸਾਹਿਬ ਭਾਈ ਬਲਦੇਵ ਸਿੰਘ, ਭਾਈ ਸਾਹਿਬ ਭਾਈ ਹਰੀ ਸਿੰਘ ਅਤੇ ਭਾਈ ਸਾਹਿਬ ਭਾਈ ਜਸਪਾਲ ਸਿੰਘ ਨੇ ਮਧੁਰ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਦਰੋ ਨਿਹਾਲ ਕੀਤਾ,ਉਹਨਾਂ ਦੇ ਕੀਰਤਨਾਂ ਨੇ ਹਰੇਕ ਰੂਹ ਨੂੰ ਛੂਹਿਆ ਅਤੇ ਦਰਬਾਰ ਵਿੱਚ ਇੱਕ ਅਨੋਖੀ ਰੂਹਾਨੀ ਲਹਿਰ ਪਰਗਟ ਹੋਈ। ਸਮਾਗਮ ਦੇ ਅੰਤ ਵਿੱਚ ਸਾਰੀਆਂ ਸੰਗਤਾਂ ਲਈ ਲੰਗਰ ਦੀ ਸੇਵਾ ਕੀਤੀ ਗਈ, ਸੰਗਤ ਨੇ ਲੰਗਰ ਨੂੰ ਪ੍ਰਸਾਦ ਰੂਪ ਗ੍ਰਹਿਣ ਕੀਤਾ