ਮਿਸ਼ਨ ਸਮਰੱਥ 4.0 ਤਹਿਤ ਅਧਿਆਪਕਾਂ ਦੀ ਟ੍ਰੇਨਿੰਗ ਕਰਵਾਈ
ਮਿਸ਼ਨ ਸਮਰੱਥ 4.0 ਤਹਿਤ ਅਧਿਆਪਕਾਂ ਦੀ ਟ੍ਰੇਨਿੰਗ ਹੋਈ
Publish Date: Sat, 24 Jan 2026 05:22 PM (IST)
Updated Date: Sat, 24 Jan 2026 05:25 PM (IST)

ਕਾਠਪਾਲ/ਭਠੇਜਾ. ਪੰਜਾਬੀ ਜਾਗਰਣ, ਜਲਾਲਾਬਾਦ : ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੇ ਵਿਦਿਅਕ ਮਿਆਰ ਨੂੰ ਉੱਚਾ ਚੁੱਕਣ ਦੇ ਉਦੇਸ਼ ਨਾਲ ਚਲਾਏ ਜਾ ਰਹੇ ਮਿਸ਼ਨ ਸਮਰੱਥ 4.0 ਤਹਿਤ ਬਲਾਕ ਜਲਾਲਾਬਾਦ-1 ਵਿਖੇ ਇੱਕ ਅਹਿਮ ਟ੍ਰੇਨਿੰਗ ਕੈਂਪ ਲਗਾਇਆ ਗਿਆ। ਸੈਸ਼ਨ 2026-27 ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਤੀਸਰੀ, ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਆਯੋਜਿਤ ਇਸ ਦੂਸਰੇ ਗੇੜ ਦੀ ਟ੍ਰੇਨਿੰਗ ਵਿੱਚ ਕੁੱਲ 49 ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਹ ਸਾਰੀ ਟ੍ਰੇਨਿੰਗ ਪ੍ਰਕਿਰਿਆ ਮਾਣਯੋਗ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੀ.ਪੀ.ਈ.ਓ. ਨਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਫਲਤਾਪੂਰਵਕ ਨੇਪਰੇ ਚੜ੍ਹੀ।ਟ੍ਰੇਨਿੰਗ ਦੌਰਾਨ ਬਲਾਕ ਸਿੱਖਿਆ ਅਫਸਰ ਨਰਿੰਦਰ ਸਿੰਘ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਸ਼ਨ ਸਮਰੱਥ ਦਾ ਮੁੱਖ ਟੀਚਾ ਬੱਚਿਆਂ ਦੇ ਬੁਨਿਆਦੀ ਸਿੱਖਣ ਦੇ ਪੱਧਰ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਨਵੀਆਂ ਤਕਨੀਕਾਂ ਅਤੇ ਰੋਚਕ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਪੜ੍ਹਾਉਣ ਦੀ ਲੋੜ ਹੈ ਤਾਂ ਜੋ ਉਹ ਵਿਸ਼ਿਆਂ ਨੂੰ ਸੌਖੇ ਤਰੀਕੇ ਨਾਲ ਸਮਝ ਸਕਣ। ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਗੁਣਾਤਮਕ ਸਿੱਖਿਆ ਪ੍ਰਦਾਨ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਮਿਸ਼ਨ ਸਮਰੱਥ ਇਸ ਦਿਸ਼ਾ ਵਿੱਚ ਇੱਕ ਕਾਰਗਰ ਹਥਿਆਰ ਸਾਬਤ ਹੋ ਰਿਹਾ ਹੈ। ਇਸ ਮੌਕੇ ਹਾਜ਼ਰ 49 ਅਧਿਆਪਕਾਂ ਨੂੰ ਵੱਖ-ਵੱਖ ਮਾਹਿਰਾਂ ਵੱਲੋਂ ਨਵੇਂ ਸੈਸ਼ਨ ਲਈ ਤਿਆਰ ਕੀਤੇ ਗਏ ਮਾਡਿਊਲਾਂ ਅਤੇ ਸਿਖਾਉਣ ਦੇ ਨਿਵੇਕਲੇ ਢੰਗਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਅਧਿਆਪਕਾਂ ਨੇ ਵੀ ਟ੍ਰੇਨਿੰਗ ਦੌਰਾਨ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਭਵਿੱਖ ਵਿੱਚ ਇਸ ਨੂੰ ਸਕੂਲਾਂ ਵਿੱਚ ਜ਼ਮੀਨੀ ਪੱਧਰ ਤੇ ਲਾਗੂ ਕਰਨ ਦਾ ਅਹਿਦ ਲਿਆ। ਬੀ.ਪੀ.ਈ.ਓ. ਜੀ ਨੇ ਅਧਿਆਪਕਾਂ ਦੇ ਅਨੁਸ਼ਾਸਨ ਅਤੇ ਸਿੱਖਣ ਦੀ ਲਗਨ ਦੀ ਸ਼ਲਾਘਾ ਕੀਤੀ।