ਵਾਹਨ ਚਾਲਕਾਂ ਲਈ ਅੱਖਾਂ ਦੀ ਨਿਯਮਿਤ ਜਾਂਚ ਜਰੂਰੀ : ਡਾ. ਗੋਇਲ
ਵਾਹਨ ਚਾਲਕਾਂ ਲਈ ਅੱਖਾਂ ਦੀ ਨਿਯਮਿਤ ਜਾਂਚ ਜਰੂਰੀ : ਡਾ.ਰੋਹਿਤ ਗੋਇਲ
Publish Date: Wed, 31 Dec 2025 05:10 PM (IST)
Updated Date: Wed, 31 Dec 2025 05:11 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਅੰਦਰ ਵਾਹਨ ਚਾਲਕਾਂ ਲਈ ਅੱਖਾਂ ਦੀ ਨਿਯਮਿਤ ਜਾਂਚ ਜਰੂਰੀ ਕਰਾਉਣ। ਅੱਖਾਂ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਦਿੰਦਿਆ ਸਹਾਇਕ ਸਿਵਲ ਸਰਜਨ ਕਮ ਨੋਡਲ ਅਫ਼ਸਰ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਂਡਨੈਸ ਡਾ.ਰੋਹਿਤ ਗੋਇਲ ਨੇ ਦੱਸਿਆ ਕਿ ਸਿਵਲ ਸਰਜਨ ਡਾ.ਕਵਿਤਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਉਨ੍ਹ ਕਿਹਾ ਕਿ ਵਾਹਨ ਚਾਲਕਾਂ ਨੂੰ ਸੁਰੱਖਿਅਤ ਯਾਤਰਾ ਲਈ ਆਪਣੀਆਂ ਅੱਖਾਂ ਦੀ ਜਾਂਚ ਨਿਯਮਿਤ ਰੂਪ ਵਿੱਚ ਕਰਵਾਉਣੀ ਚਾਹੀਦੀ ਹੈ। ਜਿਸ ਨਾਲ ਹਾਦਸਿਆਂ ਤੋਂ ਵੱਡੇ ਪੱਧਰ ਤੇ ਬਚਾਅ ਹੋ ਸਕਦਾ ਹੈ। ਠੰਡੀ ਹਵਾ, ਧੁੰਦ, ਧੂੜ ਅਤੇ ਪ੍ਰਦੂਸ਼ਣ ਕਾਰਨ ਅੱਖਾਂ ਵਿੱਚ ਜਲਨ, ਖ਼ੁਸ਼ਕੀ, ਪਾਣੀ ਆਉਣਾ ਅਤੇ ਲਾਲੀ ਵਰਗੀਆਂ ਦਿੱਕਤਾਂ ਆਮ ਹੋ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸਰਦੀਆਂ ਦੌਰਾਨ ਅੱਖਾਂ ਨੂੰ ਠੰਡੀ ਹਵਾ ਅਤੇ ਧੁੰਦ ਤੋਂ ਬਚਾਉਣ ਲਈ ਸੁਰੱਖਿਅਤ ਚਸ਼ਮੇ ਦੀ ਵਰਤੋਂ ਕਰਨੀ ਚਾਹੀਦੀ ਹੈ। ਅੱਖਾਂ ਨੂੰ ਵਾਰ-ਵਾਰ ਮਲਣ ਤੋਂ ਬਚਿਆ ਜਾਵੇ ਅਤੇ ਸਾਫ਼ ਪਾਣੀ ਨਾਲ ਅੱਖਾਂ ਦੀ ਸਫ਼ਾਈ ਰੱਖੀ ਜਾਵੇ। ਮੋਬਾਇਲ ਅਤੇ ਕੰਪਿਊਟਰ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਵੇਲੇ 20-20-20 ਨਿਯਮ ਅਪਣਾਓ ਜਿਸ ਤਹਿਤ ਹਰ 20 ਮਿੰਟ ਬਾਅਦ 20 ਫੁੱਟ ਦੂਰ ਅਤੇ 20 ਸਕਿੰਟ ਲਈ ਦੇਖਣ ਨਾਲ ਅੱਖਾਂ ਨੂੰ ਆਰਾਮ ਮਿਲ ਜਾਂਦਾ ਹੈ । ਅੱਖਾਂ ਵਿੱਚ ਦਰਦ, ਨਜ਼ਰ ਧੁੰਦਲੀ ਹੋਣਾ ਜਾਂ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਦੇ ਲੱਛਣ ਨਜ਼ਰ ਆਉਣ ‘ਤੇ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਵਿੱਚ ਜਾਂਚ ਕਰਵਾਈ ਜਾਵੇ। ਹਰੇਕ ਵਿਅਕਤੀ ਨੂੰ ਆਪਣੀ ਅਤੇ ਬੱਚਿਆਂ ਦੀ ਸਮੇਂ ਸਮੇਂ ਨਿਗਾਹ ਦੀ ਜਾਂਚ ਮਾਹਿਰ ਡਾਕਟਰ ਤੋਂ ਕਰਵਾਉਂਦੇ ਰਹਿਣ ਤਾਂ ਜੋ ਉਸ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਐਨਕਾਂ ਸਿਹਤ ਵਿਭਾਗ ਵੱਲੋਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਅੱਖਾਂ ਦੇ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਦੀਆਂ ਅਤੇ ਧੁੰਦ ਦੇ ਮੌਸਮ ਦੌਰਾਨ ਅੱਖਾਂ ਦੀ ਸਹੀ ਸਾਂਭ-ਸੰਭਾਲ ਕਰਕੇ ਆਪਣੀ ਨਜ਼ਰ ਨੂੰ ਸੁਰੱਖਿਅਤ ਰੱਖਣ।