ਊਧਮ ਸਿੰਘ ਚੌਕ ‘ਤੇ ਪੁਲਿਸ ਵੱਲੋਂ ਨਾਕਾਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ
ਊਧਮ ਸਿੰਘ ਚੌਕ ‘ਤੇ ਪੁਲਿਸ ਵੱਲੋਂ ਨਾਕਾਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ
Publish Date: Wed, 07 Jan 2026 05:02 PM (IST)
Updated Date: Wed, 07 Jan 2026 05:06 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਸ਼ਹਿਰ ਵਿੱਚ ਕਾਨੂੰਨ ਵਿਵਸਥਾ ਮਜ਼ਬੂਤ ਬਣਾਈ ਰੱਖਣ ਤੇ ਅਪਰਾਧਕ ਤੱਤਾਂ ‘ਤੇ ਨਿਗਰਾਨੀ ਲਈ ਪੁਲਿਸ ਵੱਲੋਂ ਜਲਾਲਾਬਾਦ ਦੇ ਊਧਮ ਸਿੰਘ ਚੌਕ ’ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਇਸ ਨਾਕਾਬੰਦੀ ਦੀ ਅਗਵਾਈ ਸਬ ਡਿਵੀਜ਼ਨ ਜਲਾਲਾਬਾਦ ਦੇ ਡੀਐਸਪੀ ਗੁਰਸੇਵਕ ਸਿੰਘ ਬਰਾੜ ਨੇ ਖੁਦ ਕੀਤੀ। ਨਾਕਾਬੰਦੀ ਦੌਰਾਨ ਪੁਲਿਸ ਪੂਰੀ ਤਰ੍ਹਾਂ ਚੌਕਸ ਨਜ਼ਰ ਆਈ ਅਤੇ ਆਉਣ-ਜਾਣ ਵਾਲੇ ਸ਼ੱਕੀ ਵਾਹਨਾਂ ਤੇ ਵਿਅਕਤੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਪੁਲਿਸ ਟੀਮ ਵੱਲੋਂ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਨੂੰ ਰੋਕ ਕੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ, ਜਦਕਿ ਸ਼ੱਕੀ ਗਤੀਵਿਧੀਆਂ ’ਤੇ ਖਾਸ ਧਿਆਨ ਦਿੱਤਾ ਗਿਆ। ਡੀਐੱਸਪੀ ਗੁਰਸੇਵਕ ਸਿੰਘ ਬਰਾੜ ਨੇ ਮੌਕੇ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਾਂਚ ਦੌਰਾਨ ਆਮ ਲੋਕਾਂ ਨਾਲ ਸਲੀਕੇ ਨਾਲ ਪੇਸ਼ ਆਇਆ ਜਾਵੇ, ਪਰ ਸੁਰੱਖਿਆ ਮਾਮਲੇ ‘ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤੀ ਜਾਵੇ। ਨਾਕਾਬੰਦੀ ਕਾਰਨ ਕੁਝ ਸਮੇਂ ਲਈ ਟ੍ਰੈਫਿਕ ਹੌਲੀ ਰਿਹਾ, ਪਰ ਲੋਕਾਂ ਨੇ ਇਸ ਕਦਮ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਜ਼ਰੂਰੀ ਦੱਸਿਆ। ਇਸ ਮੌਕੇ ਡੀਐਸਪੀ ਗੁਰਸੇਵਕ ਸਿੰਘ ਬਰਾੜ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੌਜੂਦਾ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਖਾਸ ਸਾਵਧਾਨੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਧੁੰਦ ਕਾਰਨ ਸੜਕ ਹਾਦਸਿਆਂ ਦਾ ਖਤਰਾ ਵੱਧ ਜਾਂਦਾ ਹੈ, ਇਸ ਲਈ ਯਾਤਰਾ ਦੌਰਾਨ ਘਰੋਂ ਸਮੇਂ ’ਤੇ ਨਿਕਲਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਰੇ ਵਾਹਨ ਚਾਲਕ ਆਪਣੇ ਵਾਹਨਾਂ ‘ਤੇ ਰਿਫਲੈਕਟਰ ਜ਼ਰੂਰ ਲਗਾਉਣ, ਤਾਂ ਜੋ ਧੁੰਦ ਵਿੱਚ ਵਾਹਨ ਆਸਾਨੀ ਨਾਲ ਨਜ਼ਰ ਆ ਸਕਣ। ਡੀਐਸਪੀ ਨੇ ਕਿਹਾ ਕਿ ਪੁਲਿਸ ਦਾ ਮਕਸਦ ਸਿਰਫ਼ ਚਲਾਨ ਕਰਨਾ ਨਹੀਂ, ਬਲਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੀਆਂ ਨਾਕਾਬੰਦੀਆਂ ਜਾਰੀ ਰਹਿਣਗੀਆਂ, ਤਾਂ ਜੋ ਸ਼ਹਿਰ ਵਿੱਚ ਅਮਨ-ਕਾਨੂੰਨ ਬਣਿਆ ਰਹੇ।