ਪੁਲਿਸ ਤੇ ਆਬਕਾਰੀ ਵਿਭਾਗ ਦੀ ਛਾਪੇਮਾਰੀ ਦੌਰਾਨ 5 ਹਜ਼ਾਰ ਲੀਟਰ ਲਾਹਣ ਬਰਾਮਦ
ਜਲਾਲਾਬਾਦ ਦੇ ਪਿੰਡਾਂ ਵਿੱਚ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਛਾਪੇਮਾਰੀ
Publish Date: Tue, 30 Dec 2025 05:23 PM (IST)
Updated Date: Tue, 30 Dec 2025 05:26 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਵਿੱਚ ਨਾਜਾਇਜ਼ ਸ਼ਰਾਬ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਮੰਗਲਵਾਰ ਨੂੰ ਪੁਲਿਸ ਅਤੇ ਆਬਕਾਰੀ (ਐਕਸਾਈਜ਼) ਵਿਭਾਗ ਦੀ ਟੀਮ ਨੇ ਕਈ ਪਿੰਡਾਂ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਖੇਤਾਂ ਵਿੱਚ ਛੁਪਾ ਕੇ ਰੱਖੀ ਅਤੇ ਜ਼ਮੀਨ ਦੇ ਹੇਠਾਂ ਦੱਬੀ ਹੋਈ, ਇੱਥੋਂ ਤੱਕ ਕਿ ਘਰਾਂ ਦੇ ਵਿਹੜਿਆਂ ਵਿੱਚ ਜ਼ਮੀਨ ਦੇ ਹੇਠਾਂ ਬਣਾਈਆਂ ਗਈਆਂ ਨਾਜਾਇਜ਼ ਕੱਚੀ ਸ਼ਰਾਬ ਅਤੇ ਲਾਹਣ ਦੀਆਂ ਡਿੱਗੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਅਤੇ ਆਬਕਾਰੀ ਵਿਭਾਗ ਦੀ ਟੀਮ ਨੇ ਬਰਾਮਦ ਕੀਤੀ ਗਈ ਲਾਹਣ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਹੈ, ਜਦਕਿ ਅਗਲੇਰੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਕਈ ਪਿੰਡਾਂ ਵਿੱਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦੀ ਸੂਚਨਾ ਪੁਲਿਸ ਅਤੇ ਆਬਕਾਰੀ ਵਿਭਾਗ ਨੂੰ ਮਿਲੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਜਾ ਚੁੱਕੀ ਹੈ। ਇਸੇ ਮੁਹਿੰਮ ਤਹਿਤ ਇੱਕ ਵਾਰ ਫਿਰ ਪੁਲਿਸ ਅਤੇ ਆਬਕਾਰੀ ਵਿਭਾਗ ਨੇ ਕਾਰਵਾਈ ਕਰਦੇ ਹੋਏ ਪਿੰਡ ਪਾਲੀਵਾਲਾ, ਮਹਾਲਮ ਅਤੇ ਹੋਰ ਪਿੰਡਾਂ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਧੁੰਦ ਦਾ ਫਾਇਦਾ ਉਠਾ ਕੇ ਖੇਤਾਂ ਵਿੱਚ ਲੁਕੋ ਕੇ ਰੱਖੀ, ਜ਼ਮੀਨ ਹੇਠਾਂ ਦੱਬੀ ਅਤੇ ਤੂੜੀ ਦੇ ਹੇਠਾਂ ਛੁਪਾਈ ਗਈ ਵੱਡੀ ਮਾਤਰਾ ਵਿੱਚ ਨਾਜਾਇਜ਼ ਕੱਚੀ ਸ਼ਰਾਬ ਅਤੇ ਲਾਹਣ ਬਰਾਮਦ ਹੋਈ ਹੈ। ਪੁਲਿਸ ਨੇ ਮੌਕੇ ਤੇ ਹੀ ਨਸ਼ਟ ਕਰਵਾਈ ਸ਼ਰਾਬ ਛਾਪੇਮਾਰੀ ਦੌਰਾਨ ਕਈ ਥਾਵਾਂ ਤੇ ਜ਼ਮੀਨ ਹੇਠਾਂ ਦੱਬੇ ਹੋਏ ਨਾਜਾਇਜ਼ ਕੱਚੀ ਸ਼ਰਾਬ ਦੇ ਡਰੰਮ ਮਿਲੇ ਹਨ। ਕਈ ਘਰਾਂ ਦੇ ਵਿਹੜਿਆਂ ਵਿੱਚ ਜ਼ਮੀਨ ਹੇਠਾਂ ਬਣਾਈਆਂ ਗਈਆਂ ਡਿੱਗੀਆਂ ਵੀ ਬਰਾਮਦ ਹੋਈਆਂ ਹਨ। ਪੁਲਿਸ ਅਤੇ ਆਬਕਾਰੀ ਵਿਭਾਗ ਦੀ ਟੀਮ ਨੇ ਨਾ ਸਿਰਫ ਇਹਨਾਂ ਡਿੱਗੀਆਂ ਨੂੰ ਤੋੜ ਕੇ ਨਸ਼ਟ ਕਰ ਦਿੱਤਾ, ਸਗੋਂ ਇਸ ਦੌਰਾਨ ਬਰਾਮਦ ਕੀਤੀ ਗਈ ਲਾਹਣ ਨੂੰ ਵੀ ਨਸ਼ਟ ਕਰ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਕਰੀਬ 5 ਹਜ਼ਾਰ ਲੀਟਰ ਤੋਂ ਵੱਧ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਗਈ ਹੈ। ਫਿਲਹਾਲ ਅਗਲੇਰੀ ਕਾਰਵਾਈ ਜਾਰੀ ਹੈ। ਪੁਲਿਸ ਨੇ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।