ਸੰਸਾਰਿਕ ਲੋੜਾਂ, ਖਾਹਿਸ਼ਾਂ ਤੇ ਦੌੜ-ਭੱਜ ’ਚ ਬੇਅਰਥ ਲੰਘ ਰਿਹਾ ਮਨੁੱਖਾ ਜਨਮ
ਮਨੁੱਖ ਇਸ ਕੀਮਤੀ ਜਨਮ ਨੂੰ ਸਿਰਫ ਸੰਸਾਰਿਕ ਲੋੜਾਂ, ਤਰਸਨਾਵਾਂ ਅਤੇ ਦੌੜ-ਭੱਜ ਵਿਚ ਗੁੰਮ ਹੋ ਰਿਹਾ ਹੈ
Publish Date: Wed, 10 Dec 2025 04:11 PM (IST)
Updated Date: Wed, 10 Dec 2025 04:12 PM (IST)

ਪੰਜਾਬੀ ਜਾਗਰਣ ਟੀਮ, ਜਲਾਲਾਬਾਦ : ਦਿਵਯ ਜਯੋਤੀ ਜਾਗਰਤੀ ਸੰਸਥਾਨ ਵਲੋਂ ਜਲਾਲਾਬਾਦ ਵਿਖੇ ਬਾਗ਼ ਕਲੋਨੀ ਵਿੱਚ ਸ਼੍ਰੀ ਹਰੀ ਚਰਚਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸੰਗਤ ਦੀ ਵੱਡੀ ਹਾਜ਼ਰੀ ਵਿਚ ਇਹ ਆਤਮਿਕ ਸਮਾਗਮ ਬਹੁਤ ਹੀ ਸ਼ਾਂਤੀਮਈ ਅਤੇ ਪ੍ਰੇਰਣਾਦਾਇਕ ਰਿਹਾ। ਇਸ ਮੌਕੇ ‘ਤੇ ਸਰਵ ਆਸ਼ੁਤੋਸ਼ ਮਹਾਰਾਜ ਦੀ ਪਰਮ ਸ਼ਿਸ਼ ਸਾਧਵੀ ਵੰਦਨਾ ਭਾਰਤੀ ਨੇ ਸਰਲ ਪਰ ਅਤਿ-ਗਹਿਰੇ ਵਿਚਾਰ ਪ੍ਰਸਤੁਤ ਕਰਦੇ ਹੋਏ ਸੰਗਤ ਨੂੰ ਆਤਮਿਕ ਸੱਚਾਈ ਦੀ ਪਛਾਣ ਕਰਵਾਈ। ਸਾਧਵੀ ਨੇ ਕਿਹਾ ਕਿ ਮਨੁੱਖਾ ਜਨਮ ਕੋਈ ਆਮ ਜਨਮ ਨਹੀਂ ਹੈ। ਇਹ ਉਹ ਉੱਚਾ ਮੌਕਾ ਹੈ ਜਿਸ ਵਿੱਚ ਆਤਮਾ ਆਪਣੇ ਅਸਲ ਸਰੂਪ ਨੂੰ ਜਾਣ ਸਕਦੀ ਹੈ। ਧਾਰਮਿਕ ਗ੍ਰੰਥਾਂ ਵਿੱਚ ਵੀ ਇਸ ਜਨਮ ਦੀ ਮਹਾਨਤਾ ਨੂੰ ਬੇਅੰਤ ਸ਼ਬਦਾਂ ਵਿੱਚ ਗਾਇਆ ਗਿਆ ਹੈ। ਪਰ ਦੁੱਖ ਦੀ ਗੱਲ ਹੈ ਕਿ ਮਨੁੱਖ ਇਸ ਕੀਮਤੀ ਜਨਮ ਨੂੰ ਸਿਰਫ ਸੰਸਾਰਿਕ ਲੋੜਾਂ, ਤਰਸਨਾਵਾਂ ਅਤੇ ਦੌੜ-ਭੱਜ ਵਿਚ ਖੋ ਰਿਹਾ ਹੈ। ਇਨਸਾਨ ਬਾਹਰਲੇ ਸੁਖਾਂ ਦੀ ਖੋਜ ਵਿੱਚ ਲੱਗ ਕੇ ਆਪਣੇ ਅੰਦਰ ਮੌਜੂਦ ਉਸ ਦਿਵਿਆ ਖਜਾਨੇ ਤੋਂ ਪੂਰੀ ਤਰ੍ਹਾਂ ਅੰਜਾਣ ਬਣਿਆ ਬੈਠਾ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਇਹ ਮਨੁੱਖਾ ਜਨਮ ਮਿਲਿਆ ਸੀ। ਸਾਧਵੀ ਰਿਤੇਸ਼ਵਰੀ ਭਾਰਤੀ ਨੇ ਬਹੁਤ ਹੀ ਭਾਵਪੂਰਨ ਢੰਗ ਨਾਲ ਕਿਹਾ ਕਿ ਜਦੋਂ ਪੂਰਨ ਸੰਤ ਸਤਿਗੁਰੂ ਸਾਡੇ ਜੀਵਨ ਵਿੱਚ ਆਉਂਦੇ ਹਨ, ਤਾਂ ਉਹ ਸਾਡੇ ਜੀਵਨ ਦੀ ਅਸਲ ਮਹਾਨਤਾ ਸਾਡੇ ਸਾਹਮਣੇ ਰੱਖ ਦਿੰਦੇ ਹਨ। ਮਨੁੱਖੀ ਜੀਵਨ ਕਿੰਨਾ ਉਦਾਤ, ਕਿੰਨਾ ਉੱਚਾ ਅਤੇ ਕਿੰਨਾ ਦਿਵਿਆ ਹੈ।ਇਹ ਸਿਰਫ ਪੂਰਨ ਸਤਿਗੁਰੂ ਦੀ ਸ਼ਰਣਾਗਤ ਹੋ ਕੇ ਹੀ ਸਮਝਿਆ ਜਾ ਸਕਦਾ ਹੈ। ਸਤਿਗੁਰੂ ਹੀ ਜੀਵਨ ਦੇ ਅੰਦਰ ਲੁਕੇ ਪ੍ਰਕਾਸ਼ ਨੂੰ ਜਗਾਉਂਦੇ ਹਨ, ਭਟਕਦੀ ਚਿੱਤ-ਵ੍ਰਿਤੀਆਂ ਨੂੰ ਇੱਕ ਠਿਕਾਣਾ ਦਿੰਦੇ ਹਨ ਅਤੇ ਇਨਸਾਨ ਨੂੰ ਉਸ ਮੰਜ਼ਿਲ ਵੱਲ ਲੈ ਜਾਂਦੇ ਹਨ ਜਿਸ ਲਈ ਇਹ ਜਨਮ ਮਿਲਿਆ ਸੀ। ਉਨ੍ਹਾਂ ਨੇ ਕਿਹਾ ਕਿ ਜੇ ਮਨੁੱਖ ਆਪਣੇ ਕੀਮਤੀ ਜਨਮ ਨੂੰ ਆਤਮਿਕ ਮਾਰਗ ਦੀ ਓਰ ਨਹੀਂ ਲਗਾਏਗਾ, ਤਾਂ ਇਹ ਜਨਮ ਵਿਅਰਥ ਹੋ ਜਾਣ ਦਾ ਡਰ ਹੈ। ਪਰ ਜੇ ਸਤਿਗੁਰੂ ਦੀ ਕਿਰਪਾ ਨਾਲ ਮਨੁੱਖ ਆਪਣੇ ਅੰਦਰ ਦੀ ਜੋਤੀ ਨੂੰ ਜਗਾ ਲੈਂਦਾ ਹੈ, ਤਾਂ ਹਰ ਇੱਕ ਸ਼ਵਾਸ ਸਾਰਥਕ ਬਣ ਜਾਂਦਾ ਹੈ, ਹਰ ਪਲ ਆਨੰਦਮਈ ਹੋ ਜਾਂਦਾ ਹੈ ਅਤੇ ਮਨੁੱਖਾ ਜਨਮ ਆਪਣੇ ਉਦੇਸ਼ ਨੂੰ ਪ੍ਰਾਪਤ ਕਰ ਲੈਂਦਾ ਹੈ। ਮਾਰਨਿੰਗ ਕਲੱਬ ਵੈਲਫੇਅਰ ਸੁਸਾਇਟੀ ਜਲਾਲਾਬਾਦ ਦੇ ਮੈਂਬਰਾਂ ਨੇ ਵੀ ਸਮਾਗਮ ਵਿਚ ਭਾਗ ਲਿਆ ਤੇ ਨਾਚ ਗਾ ਕੇ ਪ੍ਰਭੂ ਦੇ ਚਰਨਾਂ ਵਿਚ ਹਾਜ਼ਰੀ ਲਗਵਾਈ। ਸਮਾਗਮ ਦੇ ਅੰਤ ਵਿੱਚ ਸਾਧਵੀ ਪ੍ਰੀਤੀ ਭਾਰਤੀ ਵਲੋਂ ਭਜਨ ਕੀਰਤਨ ਦੀ ਧੁਨੀਆਂ ਨੇ ਸਮਾਗਮ ਨੂੰ ਨਵੀਂ ਸ਼ਾਂਤੀ ਅਤੇ ਪਵਿੱਤਰਤਾ ਨਾਲ ਭਰ ਦਿੱਤਾ। ਸੰਗਤ ਨੇ ਆਤਮਿਕ ਰਸ ਦਾ ਆਨੰਦ ਮਾਣਿਆ ਅਤੇ ਸਭ ਨੇ ਇਹ ਸੰਕਲਪ ਲਿਆ ਕਿ ਉਹ ਆਪਣੇ ਜਨਮ ਨੂੰ ਆਤਮਿਕ ਰਸਤੇ ਨਾਲ ਜੋੜ ਕੇ ਸਾਰਥਕ ਬਣਾਉਣਗੇ।