ਫਰਨੀਚਰ ਗੁਦਾਮ ’ਚ ਲੱਗੀ ਅੱਗ, 150 ਤੋਂ ਵੱਧ ਵਾਸ਼ਿੰਗ ਮਸ਼ੀਨਾਂ-ਕੂਲਰ ਤੇ ਗੀਜ਼ਰ ਸਮੇਤ ਕਾਰ ਸੜੀ
ਜਲਾਲਾਬਾਦ ਦੇ ਫਰਨੀਚਰ ਗੋਦਾਮ ਵਿੱਚ ਲੱਗੀ ਅੱਗ,150 ਤੋਂ ਵੱਧ ਵਾਸ਼ਿੰਗ ਮਸ਼ੀਨਾਂ-ਕੂਲਰ ਅਤੇ ਗੀਜ਼ਰ ਸਮੇਤ ਕਾਰ ਸੜੀ
Publish Date: Wed, 26 Nov 2025 04:06 PM (IST)
Updated Date: Wed, 26 Nov 2025 04:08 PM (IST)

- ਸ਼ਾਰਟ ਸਰਕਟ ਕਾਰਨ ਹਾਦਸਾ, ਲੱਖਾਂ ਰੁਪਏ ਦਾ ਨੁਕਸਾਨ ਬੰਪਲ ਭਠੇਜਾ, ਪੰਜਾਬੀ ਜਾਗਰਣ ਜਲਾਲਾਬਾਦ : ਫਿਰੋਜ਼ਪੁਰ-ਫਾਜ਼ਿਲਕਾ ਹਾਈਵੇ ’ਤੇ ਸਥਿਤ ਸ਼ਿਵ ਸ਼ਕਤੀ ਫਰਨੀਚਰ ਦੇ ਗੁਦਾਮ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਫਰਨੀਚਰ ਗੁਦਾਮ ਦੇ ਅੰਦਰ ਪਈਆਂ 150 ਤੋਂ 200 ਵਾਸ਼ਿੰਗ ਮਸ਼ੀਨਾਂ, ਕੂਲਰ ਅਤੇ ਗੀਜ਼ਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜੋ ਸੜ ਕੇ ਸੁਆਹ ਹੋ ਗਏ। ਇੰਨਾ ਹੀ ਨਹੀਂ ਅੰਦਰ ਖੜ੍ਹੀ ਇੱਕ ਕਾਰ ਵੀ ਸੜ ਗਈ। ਕਾਰ ਦਾ ਸਿਰਫ ਲੋਹੇ ਦਾ ਸਾਮਾਨ ਬਚਿਆ, ਬਾਕੀ ਸਭ ਕੁਝ ਸੜ ਕੇ ਸੁਆਹ ਹੋ ਗਿਆ। ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ 25 ਤੋਂ 30 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ, ਜਿਸ ਲਈ ਪ੍ਰਸ਼ਾਸਨ ਤੋਂ ਕੁਝ ਭਰਪਾਈ ਦੀ ਮੰਗ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਸ਼ਿਵ ਸ਼ਕਤੀ ਫਰਨੀਚਰ ਹਾਊਸ ਦੇ ਸੰਚਾਲਕ ਹਰਕ੍ਰਿਸ਼ਨ ਨੇ ਦੱਸਿਆ ਕਿ ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ ’ਤੇ ਉਨ੍ਹਾਂ ਦਾ ਗੋਦਾਮ ਹੈ, ਜਿੱਥੇ ਬੀਤੀ ਰਾਤ ਅਚਾਨਕ ਅੱਗ ਲੱਗ ਗਈ। ਗੁਦਾਮ ਵਿੱਚ ਬਹੁਤ ਜ਼ਿਆਦਾ ਗਿਣਤੀ ਵਿੱਚ ਵਾਸ਼ਿੰਗ ਮਸ਼ੀਨਾਂ, ਕੂਲਰ, ਗੀਜ਼ਰ ਅਤੇ ਹੋਰ ਸਾਮਾਨ ਪਿਆ ਸੀ, ਜੋ ਸਾਰਾ ਸਟਾਕ ਅੱਗ ਦੀ ਲਪੇਟ ਵਿੱਚ ਆ ਗਿਆ। ਇੰਨਾ ਹੀ ਨਹੀਂ, ਗੋਦਾਮ ਦੇ ਅੰਦਰ ਇੱਕ ਸਵਿਫਟ ਡਿਜ਼ਾਇਰ ਕਾਰ ਵੀ ਖੜ੍ਹੀ ਸੀ, ਜਿਸ ਨੂੰ ਵੀ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਸਾਰਾ ਸਾਮਾਨ ਅਤੇ ਕਾਰ ਸੜ ਕੇ ਸੁਆਹ ਹੋ ਗਏ, ਹੁਣ ਬੱਸ ਲੋਹੇ ਦਾ ਸਾਮਾਨ ਜਿਵੇਂ ਕੂਲਰ ਅਤੇ ਮਸ਼ੀਨਾਂ ਦੀਆਂ ਮੋਟਰਾਂ ਬਚੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਤਾਂ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਹਾਲਾਂਕਿ ਉਨ੍ਹਾਂ ਮੁਤਾਬਕ ਅੱਗ ਲੱਗਣ ਦਾ ਖਦਸ਼ਾ ਸ਼ਾਰਟ ਸਰਕਟ ਤੋਂ ਲਗਾਇਆ ਜਾ ਰਿਹਾ ਹੈ। ਇਸ ਘਟਨਾ ਵਿੱਚ ਉਨ੍ਹਾਂ ਦਾ ਕਰੀਬ 25 ਤੋਂ 30 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਨੁਕਸਾਨ ਨੂੰ ਲੈ ਕੇ ਉਨ੍ਹਾਂ ਵੱਲੋਂ ਪ੍ਰਸ਼ਾਸਨ ਤੋਂ ਕੁਝ ਹੱਦ ਤੱਕ ਭਰਪਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।