ਖ਼ਬਰ ਛਪਣ ਉਪਰੰਤ ਸਬੰਧਤ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸਕੂਲ ਦੀ ਨਵੀਂ ਬਿਲਡਿੰਗ ਦਾ ਕੰਮ ਸ਼ੁਰੂ ਕਰਨ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਖ਼ਲ ਮਗਰੋਂ ਨਵੀਂ ਇਮਾਰਤ ਤੇ ਕਲਾਸਰੂਮਾਂ ਦੇ ਨਿਰਮਾਣ ਲਈ ਹੁਕਮ ਜਾਰੀ ਕੀਤੇ ਗਏ ਸਨ, ਪਰ ਸਕੂਲ ਅਜੇ ਵੀ ਗ੍ਰਾਂਟ ਲਈ ਤਰਸ ਰਿਹਾ ਹੈ

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ ਫਾਜ਼ਿਲਕਾ : ਬਸਤੀ ਹਜ਼ੂਰ ਸਿੰਘ ’ਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੀ ਖ਼ਸਤਾ ਹਾਲਤ ਬਾਰੇ ‘ਪੰਜਾਬੀ ਜਾਗਰਣ’ ਅਖ਼ਬਾਰ ’ਚ ਖ਼ਬਰ ਪ੍ਰਕਾਸ਼ਿਤ ਹੋਣ ਮਗਰੋਂ ਪ੍ਰਸ਼ਾਸਨ ਹਰਕਤ ’ਚ ਆਇਆ ਸੀ। ਖ਼ਬਰ ਛਪਣ ਉਪਰੰਤ ਸਬੰਧਤ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸਕੂਲ ਦੀ ਨਵੀਂ ਬਿਲਡਿੰਗ ਦਾ ਕੰਮ ਸ਼ੁਰੂ ਕਰਨ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਖ਼ਲ ਮਗਰੋਂ ਨਵੀਂ ਇਮਾਰਤ ਤੇ ਕਲਾਸਰੂਮਾਂ ਦੇ ਨਿਰਮਾਣ ਲਈ ਹੁਕਮ ਜਾਰੀ ਕੀਤੇ ਗਏ ਸਨ, ਪਰ ਸਕੂਲ ਅਜੇ ਵੀ ਗ੍ਰਾਂਟ ਲਈ ਤਰਸ ਰਿਹਾ ਹੈ ਪਰ ਕਈ ਮਹੀਨੇ ਬੀਤਣ ਦੇ ਬਾਵਜੂਦ ਸਕੂਲ ਨੂੰ ਅਜੇ ਤੱਕ ਗ੍ਰਾਂਟ ਨਹੀਂ ਮਿਲੀ ਅਤੇ ਨਿਰਮਾਣ ਕਾਰਜ ਸ਼ੁਰੂ ਨਹੀਂ ਹੋ ਸਕਿਆ।
ਅਰੋੜਵੰਸ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਤੇ ਸਮਾਜਸੇਵੀ ਅਰੁਣ ਵਧਵਾ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਜਲਦੀ ਕੰਮ ਸ਼ੁਰੂ ਕਰਨ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਛੇ ਮਹੀਨਿਆਂ ਅੰਦਰ ਸਕੂਲ ਦੀ ਬਿਲਡਿੰਗ ਦਾ ਕੰਮ ਮੁਕੰਮਲ ਕਰਨ ਦਾ ਦਾਅਵਾ ਹੁਣ ਖੋਖਲਾ ਸਾਬਤ ਹੋ ਰਿਹਾ ਹੈ।
ਉਨ੍ਹਾਂ ਵਿਰੋਧ ਜਤਾਉਂਦਿਆਂ ਕਿਹਾ ਕਿ ਚਾਰ ਮਹੀਨੇ ਬੀਤਣ ਤੋਂ ਬਾਅਦ ਵੀ ਸਕੂਲ ਦੀ ਇਮਾਰਤ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਸਕੂਲ ਦੀ ਬਿਲਡਿੰਗ ਨਾ ਬਣਨ ਕਾਰਨ ਬੱਚਿਆਂ ਨੂੰ ਪੜ੍ਹਾਈ ਲਈ ਦੂਸਰੇ ਸਕੂਲ ਜਾਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਪੜ੍ਹਾਈ ਤੇ ਸੁਰੱਖਿਆ ਦੋਵੇਂ ਪ੍ਰਭਾਵਿਤ ਹੋ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਮਾਰਟ ਸਕੂਲਾਂ ਲਈ ਹਜ਼ਾਰਾਂ ਕਰੋੜ ਰੁਪਏ ਖਰਚੇ ਜਾਣ ਦੇ ਬਾਵਜੂਦ ਇਹ ਸਕੂਲ ਉਸਾਰੀ ਪੱਖੋਂ ਪਿੱਛੇ ਰਹਿ ਜਾਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਜਲਦੀ ਸਕੂਲ ਦੀ ਇਮਾਰਤ ਤਿਆਰ ਕਰੇ, ਨਹੀਂ ਤਾਂ ਸਮਾਜਿਕ ਸੰਸਥਾਵਾਂ ਇਕੱਠੀਆਂ ਹੋ ਕੇ ਇਸ ਮਾਮਲੇ ’ਚ ਠੋਸ ਕਦਮ ਚੁੱਕਣਗੀਆਂ।
ਸਮਾਜਸੇਵੀਆਂ ਨੇ ਮੰਗ ਕੀਤੀ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ’ਚ ਰੱਖਦਿਆਂ ਸਰਕਾਰ ਬਿਨਾਂ ਦੇਰੀ ਨਿਰਮਾਣ ਕਾਰਜ ਸ਼ੁਰੂ ਕਰੇ ਅਤੇ ਇਸ ਮਾਮਲੇ ’ਚ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਵੀ ਕੀਤੀ ਜਾਵੇ।
1972 ’ਚ ਸਥਾਪਤ ਕੀਤਾ ਗਿਆ ਸੀ ਸਕੂਲ
ਸਮਾਜ ਸੇਵੀ ਆਗੂਆਂ ਨੇ ਦੱਸਿਆ ਕਿ ਬਸਤੀ ਹਜ਼ੂਰ ਸਿੰਘ ਦਾ ਇਹ ਸਰਕਾਰੀ ਪ੍ਰਾਇਮਰੀ ਸਕੂਲ ਸਾਲ 1972 ’ਚ ਸਥਾਪਤ ਕੀਤਾ ਗਿਆ ਸੀ। ਸਕੂਲ ਪੰਜਵੀਂ ਜਮਾਤ ਤੱਕ ਹੈ ਅਤੇ ਇਸ ਵੇਲੇ ਲਗਪਗ 120 ਤੋਂ 150 ਬੱਚੇ ਇੱਥੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਕਮਰਿਆਂ ਦੀ ਹਾਲਤ ਬਹੁਤ ਮਾੜੀ ਸੀ ਅਤੇ ਕੁਝ ਕਲਾਸਰੂਮ ਜ਼ਮੀਨ ਦੇ ਪੱਧਰ ਤੋਂ ਵੀ ਹੇਠਾਂ ਬਣੇ ਹੋਏ ਸਨ, ਜਿਸ ਕਾਰਨ ਬਿਨਾਂ ਮੁਰੰਮਤ ਹਾਲਾਤ ਸੁਧਾਰਨਾ ਮੁਸ਼ਕਲ ਦਿਖਾਈ ਦੇ ਰਿਹਾ ਹੈ।
ਡੀਈਓ ਪ੍ਰਾਇਮਰੀ ਨਾਲ ਗੱਲਬਾਤ ਨਹੀਂ ਹੋ ਸਕੀ
ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਡੀਈਓ ਪ੍ਰਾਇਮਰੀ ਸਤੀਸ਼ ਕੁਮਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਾ ਸਮਝਿਆ।