ਸ਼ਹਿਰ ਅੰਦਰ ਟ੍ਰੈਫਿਕ ਵਿਵਸਥਾ ਦਾ ਬੁਰਾ ਹਾਲ
ਸ਼ਹਿਰ ਅੰਦਰ ਟ੍ਰੈਫਿਕ ਵਿਵਸਥਾ ਦਾ ਬੁਰਾ ਹਾਲ
Publish Date: Sat, 17 Jan 2026 04:20 PM (IST)
Updated Date: Sat, 17 Jan 2026 04:22 PM (IST)

ਬੰਪਲ ਭੱਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਸ਼ਹਿਰ ਦੇ ਥਾਣਾ ਸਿਟੀ ਦੇ ਕੋਲ ਫਰਨੀਚਰ ਚੌਂਕ ਵਿੱਚ ਟ੍ਰੈਫਿਕ ਜਾਮ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਸੜਕ ਦੇ ਦੋਵੇਂ ਪਾਸੇ ਬੈਂਕਾਂ ਦੀ ਭੀੜ, ਰੇੜੀਆਂ ਅਤੇ ਹੋਰ ਅਸਥਾਈ ਦੁਕਾਨਾਂ ਕਾਰਨ ਰਾਹਗੀਰਾਂ ਨੂੰ ਲੰਘਣ ’ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਿਤੀ ਇੰਨੀ ਖਰਾਬ ਹੈ ਕਿ ਦਿਨ ਦੇ ਸਮੇਂ ਇੱਥੋਂ ਵਾਹਨ ਗੁਜ਼ਾਰਨਾ ਵੀ ਮੁਸ਼ਕਲ ਹੋ ਗਿਆ ਹੈ। ਸੜਕਾਂ ’ਤੇ ਨਾਜਾਇਜ਼ ਕਬਜ਼ੇ ਤੇ ਪਾਰਕਿੰਗ ਬਣੀ ਮੁਸੀਬਤ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਚੌਂਕ ਦੇ ਇੱਕ ਪਾਸੇ ਬੈਂਕ ਹੋਣ ਕਾਰਨ ਉੱਥੇ ਗੱਡੀਆਂ ਦੀ ਭੀੜ ਲੱਗੀ ਰਹਿੰਦੀ ਹੈ ਅਤੇ ਦੂਜੇ ਪਾਸੇ ਰੇੜੀਆਂ ਵਾਲਿਆਂ ਨੇ ਸੜਕ ਘੇਰੀ ਹੋਈ ਹੈ। ਕੁਝ ਥਾਵਾਂ ’ਤੇ ਮੋਬਾਈਲ ਕੰਪਨੀਆਂ ਦੀਆਂ ਛਤਰੀਆਂ ਲਗਾ ਕੇ ਬੈਠੇ ਲੋਕਾਂ ਨੇ ਵੀ ਰਸਤਾ ਰੋਕਿਆ ਹੋਇਆ ਹੈ। ਸੜਕ ਦੇ ਵਿਚਕਾਰ ਖੜ੍ਹੀਆਂ ਕਾਰਾਂ ਅਤੇ ਹੋਰ ਵਾਹਨਾਂ ਕਾਰਨ ਜਾਮ ਲਗਾਤਾਰ ਵਧ ਰਿਹਾ ਹੈ। ਰਾਹਗੀਰਾਂ ਨੇ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਚੌਂਕ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਲੋਕਾਂ ਅਨੁਸਾਰ ਸੜਕਾਂ ਦੇ ਕਿਨਾਰਿਆਂ ਤੋਂ ਨਾਜਾਇਜ਼ ਕਬਜ਼ੇ ਹਟਾਉਣੇ ਬਹੁਤ ਜ਼ਰੂਰੀ ਹਨ ਤਾਂ ਜੋ ਟ੍ਰੈਫਿਕ ਦੀ ਸਪਲਾਈ ਸੁਚਾਰੂ ਹੋ ਸਕੇ। ਲੋਕਾਂ ਨੇ ਮੰਗ ਕੀਤੀ ਹੈ ਕਿ ਥਾਣਾ ਸਿਟੀ ਦੇ ਬਿਲਕੁਲ ਨੇੜੇ ਹੋਣ ਦੇ ਬਾਵਜੂਦ ਵੀ ਜੇਕਰ ਟ੍ਰੈਫਿਕ ਦੀ ਇਹ ਹਾਲਤ ਹੈ, ਤਾਂ ਪੁਲਿਸ ਨੂੰ ਤੁਰੰਤ ਹਰਕਤ ਵਿੱਚ ਆਉਣਾ ਚਾਹੀਦਾ ਹੈ।