ਸਿਹਤ ਵਿਭਾਗ ਵੱਲੋਂ ਵੱਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਐਡਵਾਇਜ਼ਰੀ ਜਾਰੀ
ਧੂਏਂ ਵਾਲੇ ਦਿਨਾਂ ਵਿੱਚ ਸਮਭਵ ਹੋਵੇ ਤੱਕ ਘਰੋਂ ਬਾਹਰ ਜਾਣ ਤੋਂ ਬਚਿਆ ਜਾਵੇ:ਡਾ.ਨੀਲੂ ਚੁੱਘ
Publish Date: Tue, 18 Nov 2025 06:09 PM (IST)
Updated Date: Tue, 18 Nov 2025 06:10 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਫ਼ਾਜ਼ਿਲਕਾ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਪਰਾਲੀ ਦੇ ਧੂਏਂ ਨਾਲ ਵੱਧ ਰਹੇ ਪ੍ਰਦੂਸ਼ਣ ਸੰਦਰਭੀ ਇੱਕ ਮਹੱਤਵਪੂਰਨ ਐਡਵਾਈਜ਼ਰੀ ਜਾਰੀ ਕੀਤਾ ਗਈ ਹੈ। ਹਾਲੀਆ ਦਿਨਾਂ ਵਿੱਚ ਪਰਾਲੀ ਸਾੜਨ ਕਾਰਨ ਹਵਾ ਵਿੱਚ ਧੂਏਂ ਦੀ ਮਾਤਰਾ ਤੇਜ਼ੀ ਨਾਲ ਵਧ ਰਹੀ ਹੈ ਅਤੇ ਮੌਸਮ ਵਿਚ ਆਈ ਤਬਦੀਲੀ ਕਾਰਣ ਜਿਸ ਨਾਲ ਸਾਹ ਦੀਆਂ ਬਿਮਾਰੀਆਂ, ਅੱਖਾਂ ਵਿੱਚ ਜਲਨ, ਸਕਿੰਨ ਦੀਆਂ ਸਮੱਸਿਆਵਾਂ, ਦਮਾ ਦੇ ਮਰੀਜ਼ਾਂ ਲਈ ਮੁਸ਼ਕਲਾਂ ਅਤੇ ਬੱਚਿਆਂ ਤੇ ਬਜ਼ੁਰਗਾਂ ਵਿੱਚ ਸਿਹਤ ਸੰਬੰਧੀ ਖਤਰੇ ਵਧ ਰਹੇ ਹਨ। ਇਸ ਸੰਦਰਭ ਵਿੱਚ ਸਿਵਿਲ ਸਰਜਨ ਡਾ.ਰੋਹਿਤ ਗੋਇਲ ਅਤੇ ਜਿਲਾ ਟੀਬੀ ਅਫਸਰ ਡਾ.ਨੀਲੂ ਚੁੱਘ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਹਦਾਇਤਾਂ ਜਾਰੀ ਕੀਤੀਆਂ ਹਨ। ਉਹਨਾਂ ਕਿਹਾ ਕਿ ਧੂਏਂ ਵਾਲੇ ਦਿਨਾਂ ਵਿੱਚ ਸਮਭਵ ਹੋਵੇ ਤੱਕ ਘਰੋਂ ਬਾਹਰ ਜਾਣ ਤੋਂ ਬਚਿਆ ਜਾਵੇ। ਜੇ ਬਾਹਰ ਜਾਣਾ ਲਾਜ਼ਮੀ ਹੋਵੇ ਤਾਂ N95 ਜਾਂ ਇਸਦੇ ਸਮਾਨ ਗੁਣਵੱਤਾ ਵਾਲਾ ਮਾਸਕ ਜ਼ਰੂਰ ਪਹਿਨਿਆ ਜਾਵੇ, ਕਿਉਂਕਿ ਇਹ ਬਾਰੀਕ ਪਾਲੂਟੈਂਟ ਕਣਾਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਅੱਖਾਂ ਵਿੱਚ ਜਲਨ ਹੋਣ ਦੀ ਸਥਿਤੀ ਵਿੱਚ ਸਾਫ ਤਾਜ਼ਾ ਪਾਣੀ ਨਾਲ ਛਿੜਕਾਅ ਕਰਨ ਅਤੇ ਘਰ ਅੰਦਰ ਹਵਾ ਦੀ ਗੁਣਵੱਤਾ ਸੁਧਾਰਣ ਲਈ ਖਿੜਕੀਆਂ-ਦਰਵਾਜ਼ਿਆਂ ਨੂੰ ਬੰਦ ਰੱਖਣ ਦੀ ਸਲਾਹ ਦਿੱਤੀ ਗਈ ਹੈ।ਦਮਾ, ਦਿਲ ਅਤੇ ਫੇਫੜਿਆਂ ਨਾਲ ਸੰਬੰਧਿਤ ਮਰੀਜ਼ਾਂ ਲਈ ਵਿਭਾਗ ਨੇ ਵਿਸ਼ੇਸ਼ ਹਦਾਇਤਾਂ ਦਿੱਤੀਆਂ ਹਨ। ਮਰੀਜ਼ ਆਪਣੇ ਇਨਹੇਲਰ ਜਾਂ ਦਵਾਈਆਂ ਹਮੇਸ਼ਾ ਨਾਲ ਰੱਖਣ, ਡਾਕਟਰੀ ਸਲਾਹ ਬਿਨਾਂ ਦਵਾਈ ਘਟਾਉਣ ਜਾਂ ਬਦਲਣ ਤੋਂ ਬਚਣ ਅਤੇ ਸਾਂਸ ਚੜ੍ਹਣ, ਲਗਾਤਾਰ ਖੰਘ, ਛਾਤੀ ਭਾਰੂ ਹੋਣ ਜਾਂ ਅੱਖਾਂ ਵਿੱਚ ਵਧਦੀ ਲਾਲੀ ਦੀ ਸਥਿਤੀ ਵਿੱਚ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।ਡਾ.ਗੋਇਲ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਛੋਟੇ ਬੱਚਿਆਂ ਨੂੰ ਬਾਹਰ ਖੇਡਣ ਜਾਂ ਲੰਮੇ ਸਮੇਂ ਲਈ ਖੁੱਲ੍ਹੇ ਮਾਹੌਲ ਵਿੱਚ ਰੱਖਣ ਤੋਂ ਬਚਾਇਆ ਜਾਵੇ ਕਿਉਂਕਿ ਧੂਏਂ ਦੀ ਪ੍ਰਭਾਵਸ਼ੀਲਤਾ ਉਨ੍ਹਾਂ ਦੇ ਫੇਫੜਿਆਂ ਤੇ ਤੇਜ਼ੀ ਨਾਲ ਪੈਂਦੀ ਹੈ। ਇਸੇ ਤਰ੍ਹਾਂ ਬਜ਼ੁਰਗਾਂ ਅਤੇ ਗਰਭਵਤੀ ਮਹਿਲਾਵਾਂ ਨੂੰ ਵੀ ਵਾਧੂ ਸਾਵਧਾਨੀਆਂ ਬਰਤਣ ਦੀ ਸਲਾਹ ਦਿੱਤੀ ਗਈ ਹੈ।ਡਾ. ਨੀਲੂ ਚੁੱਘ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਘਰ ਵਿੱਚ ਹਵਾ ਸੁਧਾਰਣ ਲਈ ਏਅਰ ਪਿਉਰੀਫਾਇਰ ਦੀ ਵਰਤੋਂ ਲਾਭਦਾਇਕ ਰਹੇਗੀ। ਜੇ ਇਹ ਉਪਲਬਧ ਨਾ ਹੋਵੇ, ਤਾਂ ਘਰ ਵਿੱਚ ਭਾਫ ਲੈਣਾ, ਵੱਧ ਪਾਣੀ ਪੀਣਾ ਅਤੇ ਵਿਟਾਮਿਨ-ਸੀ ਵਾਲੇ ਫਲ ਖਾਣ ਨਾਲ ਸਾਸਾਂ ਦੀ ਨਲੀ ਨੂੰ ਕੁਝ ਹੱਦ ਤੱਕ ਮਦਦ ਮਿਲ ਸਕਦੀ ਹੈ।