ਇਹ ਗੁਰਦੁਆਰਾ ਸਿੱਖ ਧਰਮ ਦੇ ਪਿਆਰਿਆਂ ਅਤੇ ਸੈਲਾਨੀਆਂ ਲਈ ਅਹਿਮ ਧਾਰਮਿਕ ਸਥਾਨ ਹੈ। ਗੁਰਦੁਆਰਾ ਮੰਜੀ ਸਾਹਿਬ ਸਿੱਖ ਧਰਮ ਅਤੇ ਪੰਜਾਬ ਦੀ ਵਿਰਾਸਤ ਦੇ ਖ਼ਾਸ ਪੱਖਾਂ ਨੂੰ ਉਜਾਗਰ ਕਰਦੇ ਹਨ। ਇਹ ਸਥਾਨ ਸਿੱਖ ਇਤਿਹਾਸ ਦੀਆਂ ਕਈ ਮਹੱਤਵਪੂਰਨ ਘਟਨਾਵਾਂ ਨਾਲ ਜੁੜਿਆ ਹੋਇਆ ਹੈ

ਭੁਪਿੰਦਰ ਸਿੰਘ ਮਾਨ, ਖੇੜਾ (ਫਤਿਹਗੜ੍ਹ ਸਾਹਿਬ) : ਪਿੰਡ ਟਹਿਲਪੁਰਾ ਦੀ ਇਤਿਹਾਸਕ ਮਹੱਤਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਸਥਾਨ ਨਾਲ ਸਬੰਧਤ ਹੋਣ ਕਾਰਨ ਹੈ। ਗੁਰੂ ਤੇਗ ਬਹਾਦਰ ਸਾਹਿਬ ਮਾਲਵੇ ਇਲਾਕੇ ਦੇ ਪ੍ਰਚਾਰਕ ਦੌਰੇ ਦੌਰਾਨ ਟਹਿਲਪੁਰਾ ਪੁਹੰਚੇ ਸਨ, ਇੱਥੇ ਗੁਰੂ ਸਾਹਿਬ ਦੀ ਯਾਦ ਵਿਚ ਪਵਿੱਤਰ ਸਥਾਨ ਹੈ, ਜਿੱਥੇ ਪਿੱਪਲ ਪ੍ਰਾਚੀਨ ਦਾ ਰੁੱਖ ਅਤੇ ਮੰਜੀ ਸਾਹਿਬ ਸਥਾਪਤ ਹੈ। ਪਿੰਡ ਟਹਿਲਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੇ ਇਤਿਹਾਸ ਸਬੰਧੀ ਪੱਥਰ ਲੱਗਿਆ ਹੈ, ਜਿਸ ਹੈੱਡ ਗ੍ਰੰਥੀ ਰਹੇ ਹਰਜਿੰਦਰ ਸਿੰਘ ਦੇ ਪੁੱਤਰ ਪ੍ਰਭਜੋਤ ਸਿੰਘ ਨੇ ਦੱਸਿਆ ਗਿਆ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ ਮੁਤਾਬਕ ਟਹਿਲਪੁਰਾ ਪਿੰਡ ਸੰਨ 1830 ਈ. (ਸੰਮਤ 1887 ਬਿਕਰਮੀ) ਵਿਚ ਵਸਿਆ ਸੀ। ਇਹ ਪਿੰਡ ਸਿੱਖ ਇਤਿਹਾਸ ਵਿਚ ਆਪਣੀ ਮਹੱਤਤਾ ਲਈ ਜਾਣਿਆ ਜਾਂਦਾ ਹੈ ਕਿਉਂਕਿ ਗੁਰੂ ਤੇਗ ਬਹਾਦਰ ਜੀ ਆਪਣੀ ਮਾਲਵੇ ਦੀ ਧਰਮ-ਪ੍ਰਚਾਰ ਯਾਤਰਾ ਦੌਰਾਨ ਇੱਥੇ ਆਏ ਸਨ।
ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਧਰਮ-ਪ੍ਰਚਾਰ ਦੀ ਯਾਤਰਾ ਵੇਲੇ ਟਹਿਲਪੁਰਾ ਵਿਚ ਪਿੱਪਲ ਦੇ ਬਿਰਖ ਹੇਠਾਂ ਵਿਸ਼ਰਾਮ ਕੀਤਾ ਸੀ। ਇਹ ਬਿਰਖ ਕੁਝ ਸਮਾਂ ਪਹਿਲਾਂ ਤੱਕ ਮੌਜੂਦ ਸੀ ਅਤੇ ਇਸ ਨੂੰ ਬਹੁਤ ਸ਼ਰਧਾ ਨਾਲ ਦੇਖਿਆ ਜਾਂਦਾ ਸੀ। ਇਸ ਸਥਾਨ ਨੂੰ ਸੰਭਾਲਣ ਅਤੇ ਇਸ ਦੀ ਯਾਦ ਨੂੰ ਜਿਉਂਦਾ ਰੱਖਣ ਲਈ ਇੱਥੇ ਪਹਿਲਾਂ ਇਕ ਥੜ੍ਹਾ ਬਣਾਇਆ ਗਿਆ ਸੀ।
ਗੁਰਦੁਆਰਾ ਮੰਜੀ ਸਾਹਿਬ
ਗੁਰੂ ਜੀ ਦੀ ਯਾਦ ਨੂੰ ਸਨਮਾਨ ਦਿੰਦਿਆਂ, ਬਾਅਦ ਵਿਚ ਨਿਰਮਲੇ ਸਾਧਾਂ ਨੇ ਇਸ ਸਥਾਨ 'ਤੇ ਆਪਣਾ ਡੇਰਾ ਕਾਇਮ ਕੀਤਾ। ਡਾ. ਰਤਨ ਸਿੰਘ ਜੱਗੀ ਅਨੁਸਾਰ ਇਹ ਸਥਾਨ ਹੁਣ 'ਗੁਰਦੁਆਰਾ ਮੰਜੀ ਸਾਹਿਬ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਗੁਰਦੁਆਰੇ ਦੀ ਪੁਰਾਤਨ ਇਮਾਰਤ ਮਹਾਰਾਜਾ ਕਰਮ ਸਿੰਘ ਪਟਿਆਲਾ ਦੀ ਰਾਜਗੱਦੀ ਦੌਰਾਨ ਬਣਵਾਈ ਗਈ ਸੀ। ਇਸ ਗੁਰਦੁਆਰੇ ਦੀ ਮੌਜੂਦਾ ਇਮਾਰਤ ਬਾਬਾ ਅਮਰੀਕ ਸਿੰਘ ਜੀ ਹੀਰਾ ਬਾਗ (ਕਾਰ ਸੇਵਾ) ਵਾਲਿਆਂ ਨੇ ਬਣਵਾਈ ਹੈ। ਗੁਰਦੁਆਰਾ ਮੰਜੀ ਸਾਹਿਬ ਦੀ ਦੇਖਭਾਲ ਤੇ ਪ੍ਰਬੰਧ ਸਥਾਨਕ ਸੰਗਤ ਅਤੇ ਕਾਰ ਸੇਵਾ ਦੁਆਰਾ ਕੀਤਾ ਜਾਂਦਾ ਹੈ। ਸੰਗਤ ਇਸ ਗੁਰਦੁਆਰੇ ਦੀ ਸਫਾਈ ਰੱਖ-ਰਖਾਅ ਅਤੇ ਸੇਵਾ ਕਰਦੀ ਹੈ। ਇਹ ਗੁਰਦੁਆਰਾ ਸਿੱਖ ਧਰਮ ਦੇ ਪਿਆਰਿਆਂ ਅਤੇ ਸੈਲਾਨੀਆਂ ਲਈ ਅਹਿਮ ਧਾਰਮਿਕ ਸਥਾਨ ਹੈ।
ਗੁਰਦੁਆਰਾ ਮੰਜੀ ਸਾਹਿਬ ਸਿੱਖ ਧਰਮ ਅਤੇ ਪੰਜਾਬ ਦੀ ਵਿਰਾਸਤ ਦੇ ਖ਼ਾਸ ਪੱਖਾਂ ਨੂੰ ਉਜਾਗਰ ਕਰਦੇ ਹਨ। ਇਹ ਸਥਾਨ ਸਿੱਖ ਇਤਿਹਾਸ ਦੀਆਂ ਕਈ ਮਹੱਤਵਪੂਰਨ ਘਟਨਾਵਾਂ ਨਾਲ ਜੁੜਿਆ ਹੋਇਆ ਹੈ ਤੇ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਸਿੱਖ ਧਰਮ ਦੀ ਕਵਾਇਤਾਂ ਅਤੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ। ਇਹ ਸਥਾਨ ਸਿਰਫ਼ ਧਾਰਮਿਕ ਨਹੀਂ ਸਗੋਂ ਸਿੱਖ ਧਰਮ ਦੇ ਇਤਿਹਾਸਕ ਮਹੱਤਵ ਨਾਲ ਵੀ ਭਰਪੂਰ ਹੈ। ਅੱਜ ਦੇ ਦੌਰ ਵਿਚ, ਟਹਿਲਪੁਰਾ ਪਿੰਡ ਸਿੱਖਾਂ ਦੇ ਧਾਰਮਿਕ ਤੇ ਸੰਸਕ੍ਰਿਤਿਕ ਜੀਵਨ ਵਿਚ ਮਹੱਤਵਪੂਰਨ ਸਥਾਨ ਹੈ।
ਇਸੇ ਦੌਰੇ ਦੌਰਾਨ, ਗੁਰੂ ਜੀ ਨੇ ਨੇੜਲੇ ਪਿੰਡ ਆਕੜ ਵਿਖੇ ਨਿੰਮ ਦੇ ਰੁੱਖ ਹੇਠ ਵੀ ਵਿਸ਼ਰਾਮ ਕੀਤਾ, ਜਿੱਥੇ ਅੱਜ "ਗੁਰਦੁਆਰਾ ਨਿੰਮ ਸਾਹਿਬ" ਸਥਾਪਤ ਹੈ। ਗੁਰਦੁਆਰਾ ਮੰਜੀ ਸਾਹਿਬ ਟਹਿਲਪੁਰਾ ਵਿਖੇ ਹਰ ਮਹੀਨੇ ਦੀ ਪੂਰਨਮਾਸ਼ੀ ਤੇ ਗੁਰਪੁਰਬ ਦਿਹਾੜੇ ਸ਼ਰਧਾ ਨਾਲ ਮਨਾਏ ਜਾਂਦੇ ਹਨ। ਇਸ ਅਸਥਾਨ ’ਤੇ ਨਤਮਸਤਕ ਹੋਣ ਵਾਲੀ ਸੰਗਤ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।