ਬਲਾਕ ਸੰਮਤੀ ਖਮਾਣੋਂ ਦੀ ਚੋਣ ਲਈ ਮੈਦਾਨ ਭਖਿਆ
ਬਲਾਕ ਸੰਮਤੀ ਖਮਾਣੋਂ ਦੀ ਚੋਣ ਲਈ ਮੈਦਾਨ ਭਖਿਆ
Publish Date: Thu, 11 Dec 2025 07:03 PM (IST)
Updated Date: Thu, 11 Dec 2025 07:03 PM (IST)
ਹਰਕੰਵਲ ਕੰਗ, ਪੰਜਾਬੀ ਜਾਗਰਣ ਖਮਾਣੋਂ : ਬਲਾਕ ਸੰਮਤੀ ਖਮਾਣੋਂ ਦੇ ਸਾਰੇ ਜ਼ੋਨਾਂ ਵਿੱਚ ਪ੍ਰਚਾਰ ਜ਼ੋਰ ਫੜ ਗਿਆ ਹੈ। ਸੱਤਾਧਾਰੀ ਆਪ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪਾਰਟੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਵੱਖ-ਵੱਖ ਪਿੰਡਾਂ ਵਿੱਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ‘ਆਪ’ ਲਈ ਲਖਣਪੁਰ ਜ਼ੋਨ ਦੀ ਚੋਣ ਵਕਾਰੀ ਬਣੀ ਹੋਈ ਹੈ। ਇੱਥੇ ‘ਆਪ’ ਦੇ ਸਾਬਕਾ ਸਰਪੰਚ ਹਰਭਜਨ ਸਿੰਘ, ਅਕਾਲੀ ਦਲ ਦੇ ਅਵਤਾਰ ਸਿੰਘ ਗਰਚਾ ਅਤੇ ਕਾਂਗਰਸ ਦੇ ਧਰਮ ਸਿੰਘ ਨੰਬਰਦਾਰ ਚੋਣ ਮੈਦਾਨ ਵਿੱਚ ਹਨ। ਵਿਧਾਇਕ ਹੈਪੀ ਨੇ ਮਨੈਲਾ ਪਿੰਡ ਵਿੱਚ ਪਾਰਟੀ ਇਕੱਠ ਨੂੰ ਸੰਬੋਧਨ ਕਰਦਿਆਂ ਇਲਾਕੇ ਦੇ ਵਿਕਾਸ ਲਈ ਆਮ ਆਦਮੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਕੌਂਸਲਰ ਰਾਜੀਵ ਕੁਮਾਰ, ਰਾਣਵਾਂ ਦੇ ਸਰਪੰਚ ਪ੍ਰਦੀਪ ਸੰਘ ਪੱਪੂ, ਕੁਲਵਿੰਦਰ ਸਿੰਘ ਬਿਲਾਸਪੁਰ, ਗੁਰਚਰਨ ਸਿੰਘ ਬਾਠਾਂ, ਜਗਦੀਪ ਸਿੰਘ ਮੋਹਨਮਾਜਰਾ ਅਤੇ ਮਦਨ ਲਾਲ ਨੰਗਲਾਂ ਨੇ ਬਾਠਾਂ ਜ਼ੋਨ ਵਿੱਚ ਘਰ ਘਰ ਜਾ ਕੇ ਉਮੀਦਵਾਰ ਰਜਿੰਦਰ ਕੌਰ ਲਈ ਵੋਟਾਂ ਮੰਗੀਆਂ।