Sad News : ਵਿਆਹ ਤੋਂ ਤੀਜੇ ਦਿਨ ਪੇਕੇ ਫੇਰਾ ਪਾ ਕੇ ਪਰਤ ਰਹੀ ਕੁੜੀ ਦੀ ਸੜਕ ਹਾਦਸੇ ’ਚ ਮੌਤ, ਪਤੀ ਗੰਭੀਰ ਜ਼ਖ਼ਮੀ
ਇਸ ਤੋਂ ਬਾਅਦ ਉਹ ਕਾਰ ’ਚ ਵਾਪਸ ਪਿੰਡ ਦੁਬਾਲੀ ਪਰਤ ਰਹੇ ਸਨ ਕਿ ਰਾਤ ਕਰੀਬ 9 ਵਜੇ ਪਿੰਡ ਤੋਂ ਲਗਭਗ ਦੋ ਕਿਲੋਮੀਟਰ ਪਹਿਲਾਂ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਦਰਖ਼ਤ ਨਾਲ ਜਾ ਟਕਰਾਈ।
Publish Date: Wed, 26 Nov 2025 08:03 PM (IST)
Updated Date: Wed, 26 Nov 2025 08:09 PM (IST)
ਜਾਗਰਣ ਟੀਮ, ਪੰਜਾਬੀ ਜਾਗਰਣ, ਬੱਸੀ ਪਠਾਣਾਂ : ਵਿਆਹ ਤੋਂ ਦੂਜੇ ਦਿਨ ਪਤਨੀ ਨੂੰ ਪੇਕੇ ਘਰ ਫੇਰਾ ਪਵਾਉਣ ਮਗਰੋਂ ਵਾਪਸ ਪਰਤ ਰਹੇ ਨਵ ਵਿਆਹੁਤਾ ਜੋੜੇ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ’ਚ ਪਤਨੀ ਦੀ ਮੌਤ ਹੋ ਗਈ ਜਦਕਿ ਪਤੀ ਗੰਭੀਰ ਰੂਪ ’ਚ ਪੀਜੀਆਈ ’ਚ ਇਲਾਜ ਅਧੀਨ ਹੈ।
ਪਿੰਡ ਦੁਬਾਲੀ ਵਾਸੀ ਗੁਰਮੁਖ ਸਿੰਘ ਤੇ ਅਮਰਦੀਪ ਕੌਰ (21) ਦਾ ਵਿਆਹ ਲੰਘੀ 23 ਨਵੰਬਰ ਨੂੰ ਹੋਇਆ ਸੀ। ਮੰਗਲਵਾਰ ਨੂੰ ਗੁਰਮੁਖ ਆਪਣੀ ਪਤਨੀ ਨੂੰ ਉਸ ਦੇ ਪੇਕੇ ਘਰ ਫੇਰਾ ਪਵਾਉਣ ਲਈ ਲੈ ਕੇ ਗਿਆ ਸੀ। ਇਸ ਤੋਂ ਬਾਅਦ ਉਹ ਕਾਰ ’ਚ ਵਾਪਸ ਪਿੰਡ ਦੁਬਾਲੀ ਪਰਤ ਰਹੇ ਸਨ ਕਿ ਰਾਤ ਕਰੀਬ 9 ਵਜੇ ਪਿੰਡ ਤੋਂ ਲਗਭਗ ਦੋ ਕਿਲੋਮੀਟਰ ਪਹਿਲਾਂ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਦਰਖ਼ਤ ਨਾਲ ਜਾ ਟਕਰਾਈ। ਟੱਕਰ ਇੰਨੀ ਤੇਜ਼ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁੱਜੀ ਥਾਣਾ ਬੜਾਲੀ ਆਲਾ ਸਿੰਘ ਦੀ ਪੁਲਿਸ ਨੇ ਦੋਵਾਂ ਨੂੰ ਕਾਰ ’ਚੋਂ ਬਾਹਰ ਕੱਢਿਆ।
ਹਸਪਤਾਲ ਪਹੁੰਚਾਉਣ ’ਤੇ ਅਮਰਦੀਪ ਕੌਰ ਨੂੰ ਮ੍ਰਿਤ ਐਲਾਨ ਦਿੱਤਾ ਗਿਆ ਜਦਕਿ ਗੁਰਮੁਖ ਸਿੰਘ ਨੂੰ ਗੰਭੀਰ ਹਾਲਤ ’ਚ ਚੰਡੀਗੜ੍ਹ ਪੀਜੀਆਈ ਰੈਫਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮੁੱਢਲੀ ਜਾਂਚ ’ਚ ਹਾਦਸੇ ਦਾ ਕਾਰਨ ਅਚਾਨਕ ਕਾਰ ਦਾ ਬੇਕਾਬੂ ਹੋਣਾ ਸਾਹਮਣੇ ਆਇਆ ਹੈ ਪਰ ਸਹੀ ਕਾਰਨਾਂ ਦਾ ਪਤਾ ਗੁਰਮੁਖ ਸਿੰਘ ਦੇ ਬਿਆਨ ਤੇ ਕਾਰ ਦੀ ਤਕਨੀਕੀ ਜਾਂਚ ਤੋਂ ਬਾਅਦ ਹੀ ਲੱਗੇਗਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮ੍ਰਿਤਕਾ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਭੇਜ ਦਿੱਤੀ ਹੈ।