ਸ਼ਹੀਦੀ ਸਭਾ ਦੇ ਪ੍ਰਬੰਧਾਂ ਦੀਆਂ ਚੱਲ ਰਹੀਆਂ ਤਿਆਰੀਆਂ ਬਾਰੇ ਸਮੀਖਿਆ ਮੀਟਿੰਗ

ਗੁਰਪ੍ਰੀਤ ਸਿੰਘ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੇ ਪ੍ਰਬੰਧਾਂ ਦੀਆਂ ਚੱਲ ਰਹੀਆਂ ਤਿਆਰੀਆਂ ਬਾਰੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨਾਲ ਵਿਸਥਾਰਿਤ ਮੀਟਿੰਗ ਕੀਤੀ ਤੇ ਸ਼ਹੀਦੀ ਸਭਾ ਦੌਰਾਨ 25, 26 ਅਤੇ 27 ਦਸੰਬਰ ਨੂੰ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਾਦਾਦ ਵਿਚ ਆਉਣ ਵਾਲੀਆਂ ਸੰਗਤਾਂ ਲਈ ਹਰ ਸੁਵਿਧਾ ਨੂੰ ਸਮੇਂ ਸਿਰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਬੀਤੇ ਐਤਵਾਰ ਵੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਭਾਰੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਸਨ ਤੇ ਇਹ ਪੂਰੀ ਸੰਭਾਵਨਾ ਹੈ ਕਿ ਅਗਲੇ ਹਫਤੇ ਤੋਂ ਹੀ ਇੱਥੇ ਸ਼ਰਧਾਲੂਆਂ ਦੀ ਵੱਡੀ ਆਮਦ ਆਰੰਭ ਹੋ ਜਾਵੇ ਇਸ ਲਈ ਪ੍ਰਸਾ਼ਸਨਿਕ ਤੇ ਪੁਲਿਸ ਦੇ ਪੱਧਰ ’ਤੇ ਹਰ ਪ੍ਰਬੰਧ ਯਕੀਨੀ ਬਣਾਇਆ ਜਾਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੁਰੱਖਿਆ ਪ੍ਰਬੰਧਾਂ, ਰੂਟ ਪਲਾਨ, ਆਵਾਜਾਈ ਵਿਵਸਥਾ ਅਤੇ ਵਾਧੂ ਪਾਰਕਿੰਗ ਸਥਾਨਾਂ ਦੀ ਚੋਣ ਦਾ ਕੰਮ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਸੰਗਤਾਂ ਦੀ ਸੁਖਾਵੀਂ ਆਵਾਜਾਈ ਲਈ ਸ਼ਹਿਰ ਦੀਆਂ ਅੰਦਰੂਨੀ ਸੜਕਾਂ ’ਤੇ ਮੁਫ਼ਤ ਸ਼ਟਲ ਬੱਸਾਂ ਤੇ ਈ- ਰਿਕਸ਼ਾ ਲਗਾਉਣ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਡਾ. ਸੋਨਾ ਥਿੰਦ ਨੇ ਲਿੰਕ ਸੜਕਾਂ, ਨੈਸ਼ਨਲ ਹਾਈਵੇ ਅਤੇ ਮੁੱਖ ਸੜਕਾਂ ਦੇ ਮੁਰੰਮਤ ਕਾਰਜਾਂ ਵਿਚ ਵਧੇਰੇ ਤੇਜ਼਼ੀ ਲਿਆਉਣ ਦੀ ਹਦਾਇਤ ਕੀਤੀ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦੇ ਪ੍ਰਬੰਧਾਂ ਹੇਠ ਲੱਗਣ ਵਾਲੀਆਂ ਨੁਮਾਇਸ਼ਾਂ ਤੇ ਸਰਕਾਰੀ ਵਿਭਾਗਾਂ ਦੇ ਸਟਾਲਾਂ, ਵੱਖ—ਵੱਖ ਕਾਰਜਾਂ ਦੇ ਨਿਰਵਿਘਨ ਪ੍ਰਬੰਧਨ ਲਈ ਗਠਿਤ ਕਮੇਟੀਆਂ ਜਿਵੇਂ ਸਭਾ ਕਮੇਟੀ, ਟਰੈਫਿਕ ਕਮੇਟੀ, ਸਿਹਤ ਕਮੇਟੀ, ਸਫਾਈ ਕਮੇਟੀ, ਪਾਣੀ ਪ੍ਰਬੰਧਨ ਕਮੇਟੀ, ਪ੍ਰਹੁਣਚਾਰੀ ਕਮੇਟੀ, ਲੈਂਡ ਸਕੇਪਿੰਗ ਤੇ ਬਿਊਟੀਫਿਕੇਸ਼ਨ ਕਮੇਟੀ, ਰਾਹਤ ਕਮੇਟੀ ਆਦਿ ਦੇ ਕਾਰਜਾਂ, 26 ਤੇ 27 ਦਸੰਬਰ ਨੂੰ ਆਮ ਖ਼ਾਸ ਬਾਗ ਵਿਖੇ ਇਤਿਹਾਸਕ ਨਾਟਕ ਦੇ ਮੰਚਨ ਮੌਕੇ ਢੁਕਵੇਂ ਪ੍ਰਬੰਧਾਂ, ਗੁਰਦੁਆਰਾ ਸਾਹਿਬਾਨ ਦੇ ਆਲੇ ਦੁਆਲੇ ਨਿਯਮਤ ਸਫਾਈ, ਫਾਇਰ ਟੈਂਡਰ, ਆਰਜ਼ੀ ਟੁਆਇਲਟ, ਜਨ ਸਿਹਤ ਸੁਵਿਧਾਵਾਂ, ਡਿਸਪੈਂਸਰੀਆਂ ਦੀ ਸਥਾਪਨਾ, ਐਂਬੂਲੈਂਸਾਂ, ਆਰਜ਼ੀ ਮੈਡੀਕਲ ਕੈਂਪਾਂ, ਪੁੱਛਗਿੱਛ ਕੇਂਦਰਾਂ ਲਈ ਨੋਡਲ ਅਫ਼ਸਰਾਂ ਦੀ ਤਾਇਨਾਤੀ, ਚਾਰੇ ਦਾਖਲਾ ਗੇਟਾਂ ਦਾ ਨਵੀਨੀਕਰਨ ਆਦਿ ਬਾਰੇ ਵੀ ਹਦਾਇਤਾਂ ਦਿੱਤੀਆਂ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਹਦਾਇਤ ਕੀਤੀ ਗਈ ਕਿ ਕੋਈ ਵੀ ਅਧਿਕਾਰੀ ਅਗੇਤੀ ਪ੍ਰਵਾਨਗੀ ਤੋਂ ਬਿਨਾਂ ਛੁੱਟੀ ਨਹੀਂ ਲਵੇਗਾ ਅਤੇ ਆਪਸੀ ਸਹਿਯੋਗ ਤੇ ਸ਼ਰਧਾ ਭਾਵਨਾ ਨਾਲ ਸ਼ਹੀਦੀ ਸਭਾ ਦੇ ਸਮੁੱਚੇ ਪ੍ਰਬੰਧਾਂ ਨੂੰ ਨੇਪਰੇ ਚੜ੍ਹਾਇਆ ਜਾਵੇ। ਉਨ੍ਹਾਂ ਨੇ ਤਿੰਨ ਆਰਜ਼ੀ ਬੱਸ ਸਟੈਂਡ ਬਣਾਉਣ, ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਏ ਰੱਖਣ, ਲਾਊਡ ਸਪੀਕਰਾਂ ’ਤੇ ਪਾਬੰਦੀ ਨੂੰ ਯਕੀਨੀ ਬਣਾਉਣ, ਸੁਰੱਖਿਆ ਕਰਮੀਆਂ ਦੇ ਠਹਿਰਾਓ ਦਾ ਢੁਕਵਾਂ ਪ੍ਰਬੰਧ ਕਰਨ, ਮੋਬਾਇਲ ਟਾਵਰਾਂ ਦੀ ਸਮਰੱਥਾ ਵਧਾਉਣ, ਰੈਣ ਬਸੇਰਿਆਂ ਵਿਚ ਪ੍ਰਬੰਧ ਯਕੀਨੀ ਬਣਾਉਣ ਆਦਿ ਹੋਰ ਦਿਸ਼ਾ ਨਿਰਦੇਸ਼ ਦਿੱਤੇ।