ਰਾਮਪੁਰ ਵਾਸੀਆਂ ਵੱਲੋਂ ਐੱਨਐੱਚ-205ਏ ’ਤੇ ਤੀਜੇ ਦਿਨ ਵੀ ਰੋਸ ਧਰਨਾ ਜਾਰੀ
ਰਾਮਪੁਰ ਵਾਸੀਆਂ ਵੱਲੋਂ ਐਨਐਚ-205ਏ ’ਤੇ ਤੀਜੇ ਦਿਨ ਵੀ ਰੋਸ ਧਰਨਾ ਜਾਰੀ
Publish Date: Mon, 12 Jan 2026 07:24 PM (IST)
Updated Date: Mon, 12 Jan 2026 07:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੇੜਾ : ਭਾਰਤਮਾਲਾ ਪ੍ਰੋਜੈਕਟ ਅਧੀਨ ਬਣ ਰਹੇ ਮੋਹਾਲੀ-ਸਰਹਿੰਦ ਨੈਸ਼ਨਲ ਹਾਈਵੇ (ਐਨਐਚ-205ਏ) ’ਤੇ ਚੁੰਨੀ ਤੋਂ ਬਰਾਸ-ਰਜਿੰਦਰਗੜ੍ਹ ਵਾਲੀ ਸੜਕ ਨਾਲ ਜੁੜਨ ਲਈ ਕੱਟ ਨਾ ਬਣਾਏ ਜਾਣ ਦੇ ਵਿਰੋਧ ’ਚ ਪਿੰਡ ਰਾਮਪੁਰ ਨੇੜੇ ਇਲਾਕਾ ਨਿਵਾਸੀਆਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਲਗਾਇਆ ਰੋਸ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਇਸ ਕਾਰਨ ਹਾਈਵੇ ’ਤੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਰਹੀ। ਧਰਨੇ ’ਚ ਸ਼ਾਮਲ ਸਰਪੰਚ ਦਵਿੰਦਰ ਸਿੰਘ, ਪੰਚ ਕਰਮ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਥਾਂ ’ਤੇ ਕੱਟ ਬਣਨ ਨਾਲ ਲਗਭਗ 25 ਪਿੰਡਾਂ ਦੇ ਲੋਕਾਂ ਨੂੰ ਚੰਡੀਗੜ੍ਹ, ਮੋਹਾਲੀ ਤੇ ਸਰਹਿੰਦ ਵੱਲ ਆਉਣ-ਜਾਣ ’ਚ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਉਹ ਇਸ ਮੰਗ ਨੂੰ ਲੈ ਕੇ ਪ੍ਰਸ਼ਾਸਨ ਤੇ ਨੈਸ਼ਨਲ ਹਾਈਵੇਜ਼ ਅਥਾਰਟੀ ਦੇ ਅਧਿਕਾਰੀਆਂ ਕੋਲ ਪਹੁੰਚ ਕਰ ਰਹੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਮਜਬੂਰਨ ਉਨ੍ਹਾਂ ਨੂੰ ਹਾਈਵੇ ਜਾਮ ਕਰਕੇ ਧਰਨਾ ਲਗਾਉਣਾ ਪਿਆ ਹੈ। ਪ੍ਰਦਰਸ਼ਨਕਾਰੀਆਂ ਨੇ ਰੋਸ ਪ੍ਰਗਟ ਕੀਤਾ ਕਿ ਅੱਜ ਧਰਨਾ ਤੀਜੇ ਦਿਨ ਵਿਚ ਦਾਖਲ ਹੋ ਗਿਆ ਹੈ ਤੇ ਦਿਨ-ਰਾਤ ਧਰਨਾ ਜਾਰੀ ਹੈ, ਪਰ ਅਜੇ ਤੱਕ ਕੋਈ ਉੱਚ ਅਧਿਕਾਰੀ ਗੱਲਬਾਤ ਲਈ ਨਹੀਂ ਪਹੁੰਚਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਮੰਗ ਪੂਰੀ ਨਹੀਂ ਕੀਤੀ ਜਾਂਦੀ, ਧਰਨਾ ਇਸੇ ਤਰ੍ਹਾਂ ਨਿਰੰਤਰ ਚੱਲਦਾ ਰਹੇਗਾ। ਇਸ ਮੌਕੇ ਰਾਜਿੰਦਰ ਸਿੰਘ, ਸਵਰਨ ਸਿੰਘ, ਬਲਵਿੰਦਰ ਸਿੰਘ, ਦਰਬਾਰਾ ਸਿੰਘ, ਜਸਬੀਰ ਸਿੰਘ, ਪਰਮਿੰਦਰ ਸਿੰਘ, ਸਰਬਜੀਤ ਸਿੰਘ, ਰਣਜੀਤ ਸਿੰਘ, ਸੇਵਕ ਸਿੰਘ, ਜਸਵਿੰਦਰ ਸਿੰਘ, ਅਮਨਦੀਪ ਸਿੰਘ, ਰਾਜਵੰਤ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ, ਮਲਕੀਤ ਸਿੰਘ, ਗਗਨਦੀਪ ਸਿੰਘ, ਲਖਵੀਰ ਸਿੰਘ, ਕਰਮਜੀਤ ਸਿੰਘ, ਧੰਨਾ ਸਿੰਘ, ਹਰਿੰਦਰ ਸਿੰਘ ਆਦਿ ਵੀ ਮੌਜੂਦ ਸਨ।