ਔਰਤਾਂ ਨੂੰ ਸਵੈ ਰੁਜ਼ਗਾਰ ਦੇ ਸਮਰੱਥ ਬਣਨ ਲਈ ਕੀਤਾ ਉਤਸ਼ਾਹਿਤ : ਗਿੱਲ
ਰਾਜ ਲਾਲੀ ਗਿੱਲ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਸ਼ਿਰਕਤ
Publish Date: Thu, 20 Nov 2025 06:02 PM (IST)
Updated Date: Thu, 20 Nov 2025 06:04 PM (IST)

ਗੁਰਪ੍ਰੀਤ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਅੱਜ ਆਮ ਖ਼ਾਸ ਬਾਗ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਮਹਿਲਾਵਾਂ ਨੂੰ ਸਿਹਤ, ਸਫਾਈ ਤੇ ਰੁਜ਼ਗਾਰ ਬਾਰੇ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਔਰਤਾਂ ਨੂੰ ਸਵੈ ਰੁਜ਼ਗਾਰ ਦੇ ਸਮਰੱਥ ਬਣਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਆਪਣੇ ਅੰਦਰ ਛੁਪੀ ਪ੍ਰਤਿਭਾ ਦੀ ਪਛਾਣ ਕਰਕੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਵੀ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੇ ਆਪਣੀ ਮਿਹਨਤ, ਲਗਨ ਤੇ ਦ੍ਰਿੜ੍ਹ ਇਰਾਦੇ ਨਾਲ ਵੱਖ-ਵੱਖ ਖੇਤਰਾਂ ਵਿਚ ਬੁਲੰਦੀਆਂ ਹਾਸਲ ਕੀਤੀਆਂ ਹਨ ਅਤੇ ਆਪਣੀ ਵਿਸ਼ੇਸ਼ ਪਛਾਣ ਸਥਾਪਤ ਕੀਤੀ ਹੈ। ਜ਼ਿਲ੍ਹਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਮਾਗਮ ਦੌਰਾਨ ਔਰਤ ਸਮੂਹਾਂ ਵੱਲੋਂ ਲਗਾਈਆਂ ਗਈਆਂ ਵਿਸ਼ੇ਼ਸ਼ ਪ੍ਰਦਰਸ਼ਨੀਆਂ ਦਾ ਨਿਰੀਖਣ ਕਰਨ ਮਗਰੋਂ ਉਨ੍ਹਾਂ ਕਿਹਾ ਕਿ ਮਹਿਲਾਵਾਂ ’ਤੇ ਆਧਾਰਿਤ ਸੈਲਫ ਹੈਲਪ ਗਰੁੱਪ ਇਨ੍ਹਾਂ ਦੀ ਮਿਹਨਤ ਤੇ ਲਗਨ ਸਦਕਾ ਹੀ ਕਾਫ਼ੀ ਮਕਬੂਲ ਹੋ ਰਹੇ ਹਨ ਅਤੇ ਪਿੰਡਾਂ ਦੀਆਂ ਔਰਤਾਂ ਨੂੰ ਇਨ੍ਹਾਂ ਸਮੂਹਾਂ ਰਾਹੀਂ ਉਤਪਾਦ ਤਿਆਰ ਕਰਕੇ ਵੇਚੇ ਜਾ ਰਹੇ ਹਨ ਅਤੇ ਆਪਣੀ ਵਿੱਤੀ ਤੇ ਸਮਾਜਿਕ ਸਥਿਤੀ ਨੂੰ ਮਜ਼ਬੂਤ ਕਰਨ ਦੇ ਸਮਰੱਥ ਬਣ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਕਮਿਸ਼ਨ ਦੀ ਤਰਫੋਂ ਹੈਲਪਲਾਈਨ ਡੈਸਕ ਵੀ ਸਥਾਪਤ ਕੀਤਾ ਗਿਆ। ਇਸ ਮੌਕੇ ਚੇਅਰਪਰਸਨ ਨੇ ਔਰਤਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਕਮਿਸ਼ਨ ਦੀ ਤਰਫੋਂ ਮੁਹੱਈਆ ਕਰਵਾਈਆਂ ਜਾਂਦੀਆਂ ਵੱਖ ਵੱਖ ਸੇਵਾਵਾਂ ਬਾਰੇ ਦੱਸਿਆ। ਇਸ ਮੌਕੇ ਏਡੀਸੀ ਪੇਂਡੂ ਵਿਕਾਸ ਸੁਰਿੰਦਰ ਸਿੰਘ ਧਾਲੀਵਾਲ, ਡਿਪਟੀ ਡਾਇਰੈਕਟਰ ਗੁਲਬਹਾਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਨੂਰਤਨ ਕੌਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।