ਵਰਲਡ ਯੂਨੀਵਰਸਿਟੀ ਵਿਖੇ ਪੰਥ ਰਤਨ ਡਾਕਟਰ ਇੰਦਰਜੀਤ ਸਿੰਘ ਯਾਦਗਾਰੀ ਭਾਸ਼ਣ ਲੜੀ ਸ਼ੁਰੂ

- ਡਾ. ਇੰਦਰਜੀਤ ਸਿੰਘ ਇੱਕ ਮਾਣਯੋਗ ਸ਼ਖ਼ਸੀਅਤ : ਐਡਵੋਕੇਟ ਧਾਮੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ ਸਾਹਿਬ : ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਪੰਥ ਰਤਨ ਡਾ. ਇੰਦਰਜੀਤ ਸਿੰਘ ਸਾਲਾਨਾ ਯਾਦਗਾਰੀ ਭਾਸ਼ਣ ਲੜੀ ਦੇ ਪਲੇਠੇ ਸਮਾਗਮ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਵੱਲੋਂ ਗੁਰੂ ਨਾਨਕ ਫਾਊਂਡੇਸ਼ਨ ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚਾਂਸਲਰ ਯੂਨੀਵਰਸਿਟੀ ਨੇ ਆਖਿਆ ਕਿ ਪੰਥ ਰਤਨ ਡਾ. ਇੰਦਰਜੀਤ ਸਿੰਘ 20ਵੀਂ ਸਦੀ ਦੇ ਉਨ੍ਹਾਂ ਚੋਣਵੇਂ ਗੁਰਸਿੱਖਾਂ ਵਿਚ ਸ਼ਾਮਲ ਹਨ, ਜਿਨ੍ਹਾਂ ਉੱਪਰ ਸਮੁੱਚਾ ਸਿੱਖ ਪੰਥ ਮਾਣ ਕਰਦਾ ਹੈ। ਉਨ੍ਹਾਂ ਇਸ ਨਵੀਂ ਅਕਾਦਮਿਕ ਪਹਿਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਯਾਦਗਾਰੀ ਭਾਸ਼ਣ ਲੜੀ ਰਾਹੀਂ ਹਰ ਸਾਲ ਡਾ. ਇੰਦਰਜੀਤ ਸਿੰਘ ਨੂੰ ਯਾਦ ਕਰਨ ਦੇ ਨਾਲ-ਨਾਲ ਗੁਰਬਾਣੀ, ਗੁਰਇਤਿਹਾਸ ਅਤੇ ਗੁਰਮਤਿ ਸਿਧਾਂਤਾਂ ਸਬੰਧੀ ਗੰਭੀਰ ਅਕਾਦਮਿਕ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਡਾ. ਪਰਿਤ ਪਾਲ ਸਿੰਘ ਨੇ ਆਖਿਆ ਕਿ ਆਧੁਨਿਕ ਯੁੱਗ ਦੇ ਬਦਲਦੇ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਪ੍ਰਸੰਗ ਵਿਚ ਜਿਨ੍ਹਾਂ ਗੁਰਸਿੱਖ ਸ਼ਖ਼ਸੀਅਤਾਂ ਨੇ ਆਪਣੇ ਕਰਮਾਂ ਰਾਹੀਂ ਸਿੱਖ ਪੰਥ ਦਾ ਨਾਮ ਉੱਚਾ ਕੀਤਾ ਹੈ, ਉਨ੍ਹਾਂ ਨੂੰ ਯਾਦ ਕਰਨਾ ਸਾਡਾ ਸਾਂਝਾ ਫਰਜ਼ ਬਣਦਾ ਹੈ। ਉਨ੍ਹਾਂ ਦੱਸਿਆ ਕਿ ਇਸ ਭਾਸ਼ਣ ਲੜੀ ਤਹਿਤ ਹਰ ਸਾਲ ਸਿੱਖ ਅਕਾਦਮਿਕ ਜਗਤ ਦੀਆਂ ਪ੍ਰਸਿੱਧ ਵਿਦਵਾਨ ਸ਼ਖ਼ਸੀਅਤਾਂ ਪਾਸੋਂ ਗੁਰਸਿੱਖੀ ਦੇ ਵੱਖ-ਵੱਖ ਪਹਿਲੂਆਂ ਉੱਤੇ ਵਿਚਾਰ ਚਰਚਾ ਕਰਵਾਈ ਜਾਵੇਗੀ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਤਾਪ ਸਿੰਘ, ਡਾਇਰੈਕਟਰ ਗੁਰੂ ਨਾਨਕ ਫਾਊਂਡੇਸ਼ਨ ਨਵੀਂ ਦਿੱਲੀ ਨੇ ਡਾ. ਇੰਦਰਜੀਤ ਸਿੰਘ ਨਾਲ ਬੈਂਕਿੰਗ ਖੇਤਰ ਵਿਚ ਕੰਮ ਕਰਦਿਆਂ ਪ੍ਰਾਪਤ ਕੀਤੇ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਡਾ. ਸਾਹਿਬ ਦੀ ਦੂਰਦਰਸ਼ੀ ਸੋਚ ਅਤੇ ਅਣਥੱਕ ਮਿਹਨਤ ਸਦਕਾ ਲਗਾਤਾਰ ਘਾਟੇ ਵਿਚ ਜਾ ਰਹੇ ਪੰਜਾਬ ਐਂਡ ਸਿੰਧ ਬੈਂਕ ਨੇ ਭਾਰਤੀ ਬੈਂਕਿੰਗ ਖੇਤਰ ਵਿਚ ਮੋਹਰੀ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਡਾ. ਇੰਦਰਜੀਤ ਸਿੰਘ ਨਾ ਸਿਰਫ਼ ਗੁਰਸਿੱਖ ਨੌਜਵਾਨਾਂ ਨੂੰ ਬੈਂਕਿੰਗ ਖੇਤਰ ਵਿਚ ਸੇਵਾ ਲਈ ਉਤਸ਼ਾਹਿਤ ਕਰਦੇ ਰਹੇ, ਸਗੋਂ ਸਿੱਖ ਪੰਥ ਦੀ ਹਰ ਪੱਖੋਂ ਸੇਵਾ ਲਈ ਵੀ ਸਦਾ ਤਤਪਰ ਰਹੇ। ਸਵਾਗਤੀ ਭਾਸ਼ਣ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਆਖਿਆ ਕਿ ਨਵੰਬਰ 1984 ਦੇ ਸਿੱਖ ਨਸਲਘਾਤ ਦੌਰਾਨ ਆਪਣੇ ਘਰ ਦੇ ਹੋਏ ਭਾਰੀ ਨੁਕਸਾਨ ਨੂੰ ਅਣਗੌਲਿਆ ਕਰਦਿਆਂ ਡਾ. ਇੰਦਰਜੀਤ ਸਿੰਘ ਵੱਲੋਂ ਦਿੱਲੀ ਵਿਖੇ ਬੇਘਰ ਹੋਏ ਸਿੱਖਾਂ ਦੀ ਕੀਤੀ ਅਣਥੱਕ ਸੇਵਾ, ਉਨ੍ਹਾਂ ਦੀ ਵਿਲੱਖਣ ਸ਼ਖ਼ਸੀਅਤ ਦਾ ਪ੍ਰਮਾਣ ਹੈ। ਵਿਦਵਾਨ ਬੁਲਾਰੇ ਪ੍ਰੋ. ਕੇਹਰ ਸਿੰਘ ਸਾਬਕਾ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਨੇ ਡਾ. ਇੰਦਰਜੀਤ ਸਿੰਘ ਨੂੰ ਇੱਕ ਬਹੁਪੱਖੀ ਸ਼ਖ਼ਸੀਅਤ ਕਰਾਰ ਦਿੱਤਾ। ਡਾ. ਬਲਕਾਰ ਸਿੰਘ, ਸੇਵਾ ਮੁਕਤ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਖਿਆ ਕਿ ਡਾ. ਇੰਦਰਜੀਤ ਸਿੰਘ ਲੌਕਿਕ ਗੁਣਾਂ ਦੇ ਨਾਲ-ਨਾਲ ਇਕ ਉੱਚ ਕੋਟੀ ਦੀ ਰੂਹਾਨੀ ਸ਼ਖਸੀਅਤ ਵੀ ਸਨ। ਵਿਭਾਗ ਮੁਖੀ ਅਤੇ ਡੀਨ ਫੈਕਲਟੀ ਡਾ. ਹਰਦੇਵ ਸਿੰਘ ਨੇ ਪਹੁੰਚੀਆਂ ਸਤਿਕਾਰਤ ਅਤੇ ਵਿਦਵਾਨ ਸ਼ਖਸੀਅਤਾਂ, ਖ਼ਾਸ ਕਰਕੇ ਗੁਰੂ ਨਾਨਕ ਫਾਊਂਡੇਸ਼ਨ ਨਵੀਂ ਦਿੱਲੀ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਮੈਂਬਰ ਯੂਨੀਵਰਸਿਟੀ ਨੇ ਆਪਣੀ ਜ਼ਿੰਦਗੀ ਨਾਲ ਸੰਬੰਧਤ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਡਾ. ਇੰਦਰਜੀਤ ਸਿੰਘ ਨਾਲ ਜੁੜੇ ਕੁੱਝ ਯਾਦਗਾਰ ਵਾਕਿਆਤ ਵੀ ਸਾਂਝੇ ਕੀਤੇ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਗੜੀ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਬੱਸੀ ਪਠਾਣਾ, ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਕਾਇਮਪੁਰ, ਅਜਮੇਰ ਸਿੰਘ ਖੇੜਾ, ਡਾ. ਜੰਗ ਬਹਾਦਰ ਸਿੰਘ, ਜਥੇਦਾਰ ਮਨਮੋਹਨ ਸਿੰਘ ਮੁਕਾਰੋਂਪੁਰ ਅਤੇ ਬਲਜੀਤ ਸਿੰਘ ਭੁੱਟਾ ਮੌਜੂਦ ਸਨ।
ਇਸ ਮੌਕੇ ਰਜਿਸਟਰਾਰ ਪ੍ਰੋ. ਤੇਜ਼ਬੀਰ ਸਿੰਘ, ਡੀਨ ਰਿਸਰਚ ਪ੍ਰੋ. ਨਵਦੀਪ ਕੌਰ, ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ, ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ, ਬਾਬਾ ਬੰਦਾ ਸਿੰਘ ਬਹਾਦਰ ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ, ਸਤਿੰਦਰ ਸਿੰਘ ਕੰਗ (ਮੋਹਾਲੀ), ਡਾ. ਅਸਪ੍ਰੀਤ ਕੌਰ, ਡਾ. ਹਰਜੀਤ ਸਿੰਘ (ਗੁਰਮਤਿ ਕਾਲਜ ਪਟਿਆਲਾ), ਡਿਪਟੀ ਰਜਿਸਟਰਾਰ ਜਗਜੀਤ ਸਿੰਘ, ਡਾਇਰੈਕਟਰ ਆਈ. ਕਿਊ. ਏ. ਸੀ. ਸੈਲ ਡਾ. ਅੰਕਦੀਪ ਕੌਰ ਅਟਵਾਲ, ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ, ਡੀਨ ਸਿੱਖਿਆ ਫੈਕਲਟੀ ਡਾ. ਹਰਨੀਤ ਬਿਲਿੰਗ, ਡੀਨ ਐਲੂਮਨਾਈ ਡਾ. ਸਰਪ੍ਰੀਤ ਸਿੰਘ, ਕਨਵੀਨਰ ਵਿਮਨ ਡਿਵੈਲਪਮੈਂਟ ਸੈੱਲ ਡਾ. ਕਿਰਨਦੀਪ ਕੌਰ, ਸਮਾਜ ਵਿਗਿਆਨ ਵਿਭਾਗ ਦੇ ਮੁਖੀ ਡਾ. ਨਵ ਸ਼ਗਨਦੀਪ ਕੌਰ, ਰਾਜਨੀਤੀ ਵਿਭਾਗ ਦੇ ਮੁਖੀ ਡਾ. ਰਮਨਦੀਪ ਕੌਰ, ਮੈਨੇਜਮੈਂਟ ਵਿਭਾਗ ਦੇ ਮੁਖੀ ਡਾ. ਕੰਚਨ ਰਾਨੀ, ਇਕਨੋਮਿਕਸ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਮੌਜੂਦ ਸਨ।