ਸਾਲਾਂ ਪਹਿਲਾਂ ਕੁੱਤੇ ਦਾ ਕੱਟਣਾ ਬਣਿਆ ਜਾਨਲੇਵਾ: ਬੱਸੀ ਪਠਾਣਾ 'ਚ ਪਰਵਾਸੀ ਮਜ਼ਦੂਰ ਦੀ ਹਲਕਾਅ ਕਾਰਨ ਮੌਤ
ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਰਾਜੇਸ਼ ਦੀ ਪਛਾਣ ਅਤੇ ਉਸ ਦੇ ਵਾਰਸਾਂ ਨਾਲ ਸੰਪਰਕ ਕਰਨ ਲਈ ਲਾਸ਼ ਨੂੰ 72 ਘੰਟਿਆਂ ਲਈ ਸਰਕਾਰੀ ਹਸਪਤਾਲ ਦੇ ਮੋਰਚਰੀ ਰੂਮ ਵਿੱਚ ਰਖਵਾਇਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਭਾਰਤੀ ਨਿਆ ਸੰਹਿਤਾ ਦੀ ਧਾਰਾ 194 ਅਧੀਨ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Publish Date: Mon, 20 Apr 2026 03:27 PM (IST)
Updated Date: Mon, 20 Apr 2026 03:35 PM (IST)
ਪੱਤਰ ਪ੍ਰੇਰਕ, ਬੱਸੀ ਪਠਾਣਾ :ਬੱਸੀ ਪਠਾਣਾ ਬਲਾਕ ਦੇ ਪਿੰਡ ਮਹਿਮਦਪੁਰ ਵਿੱਚ ਰਹਿ ਰਹੇ ਇੱਕ ਪ੍ਰਵਾਸੀ ਮਜ਼ਦੂਰ ਦੀ ਹਲਕਾਅ (Rabies) ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਮੌਤ ਕਿਸੇ ਤਾਜ਼ਾ ਘਟਨਾ ਕਰਕੇ ਨਹੀਂ, ਸਗੋਂ ਕਈ ਸਾਲ ਪਹਿਲਾਂ ਕੁੱਤੇ ਦੇ ਕੱਟਣ ਕਾਰਨ ਹੋਈ ਇਨਫੈਕਸ਼ਨ ਕਾਰਨ ਹੋਈ ਹੈ।
ਦਰਦ ਹੋਣ 'ਤੇ ਖੁੱਲ੍ਹਿਆ ਰਾਜ਼
ਪਿੰਡ ਮਹਿਮਦਪੁਰ ਦੇ ਨਿਵਾਸੀ ਦਲਜੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ 35 ਸਾਲਾ ਪ੍ਰਵਾਸੀ ਮਜ਼ਦੂਰ ਰਾਜੇਸ਼ ਕੁਮਾਰ ਪਿਛਲੇ 6 ਮਹੀਨਿਆਂ ਤੋਂ ਉਨ੍ਹਾਂ ਕੋਲ ਦਿਹਾੜੀ ਦਾ ਕੰਮ ਕਰਦਾ ਸੀ। ਬੀਤੀ 6 ਅਪ੍ਰੈਲ ਨੂੰ ਰਾਜੇਸ਼ ਦੀ ਬਾਂਹ ਵਿੱਚ ਅਚਾਨਕ ਤੇਜ਼ ਦਰਦ ਸ਼ੁਰੂ ਹੋਇਆ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਬੱਸੀ ਪਠਾਣਾ ਦਾਖਲ ਕਰਵਾਇਆ ਗਿਆ। ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀਜੀਆਈ (PGI) ਚੰਡੀਗੜ੍ਹ ਰੈਫ਼ਰ ਕਰ ਦਿੱਤਾ।
ਸਾਲਾਂ ਪੁਰਾਣੀ ਸੀ ਇਨਫੈਕਸ਼ਨ
ਪੀਜੀਆਈ ਵਿੱਚ ਇਲਾਜ ਦੌਰਾਨ ਡਾਕਟਰਾਂ ਨੇ ਖੁਲਾਸਾ ਕੀਤਾ ਕਿ ਰਾਜੇਸ਼ ਨੂੰ ਹਲਕਾਅ ਦੀ ਸ਼ਿਕਾਇਤ ਹੈ, ਜੋ ਕਿ ਕਾਫੀ ਸਮਾਂ ਪਹਿਲਾਂ ਕੁੱਤੇ ਦੇ ਕੱਟਣ ਕਾਰਨ ਹੋਈ ਸੀ। ਰਾਜੇਸ਼ ਨੇ ਵੀ ਡਾਕਟਰਾਂ ਕੋਲ ਪੁਸ਼ਟੀ ਕੀਤੀ ਕਿ ਉਸ ਨੂੰ ਕਈ ਸਾਲ ਪਹਿਲਾਂ ਇੱਕ ਕੁੱਤੇ ਨੇ ਕੱਟਿਆ ਸੀ। ਬਦਕਿਸਮਤੀ ਨਾਲ, ਇਲਾਜ ਦੌਰਾਨ 19 ਅਪ੍ਰੈਲ ਦਿਨ ਐਤਵਾਰ ਨੂੰ ਰਾਜੇਸ਼ ਨੇ ਦਮ ਤੋੜ ਦਿੱਤਾ।
ਵਾਰਸਾਂ ਦੀ ਭਾਲ ਜਾਰੀ
ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਰਾਜੇਸ਼ ਦੀ ਪਛਾਣ ਅਤੇ ਉਸ ਦੇ ਵਾਰਸਾਂ ਨਾਲ ਸੰਪਰਕ ਕਰਨ ਲਈ ਲਾਸ਼ ਨੂੰ 72 ਘੰਟਿਆਂ ਲਈ ਸਰਕਾਰੀ ਹਸਪਤਾਲ ਦੇ ਮੋਰਚਰੀ ਰੂਮ ਵਿੱਚ ਰਖਵਾਇਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਭਾਰਤੀ ਨਿਆ ਸੰਹਿਤਾ ਦੀ ਧਾਰਾ 194 ਅਧੀਨ ਕਾਰਵਾਈ ਸ਼ੁਰੂ ਕਰ ਦਿੱਤੀ ਹੈ।