Fatehgarh Sahib News : ਦੀਵਾ ਗੰਢੂਆਂ ਵਿਖੇ ਪੋਲਿੰਗ ਸਟੇਸ਼ਨ ਅੰਦਰ ਆਪ ਆਗੂ ਦੀ ਕੁੱਟਮਾਰ, ਅਕਾਲੀ ਦਲ ਦੇ ਪੋਲਿੰਗ ਏਜੰਟ ਨੇ ਛੁਡਵਾਇਆ
ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਵੱਲੋਂ ਸਿਵਲ ਹਸਪਤਾਲ ਅਮਲੋਹ ਵਿਖੇ ਸੁਖਚੈਨ ਸਿੰਘ ਦਾ ਹਾਲ ਚਾਲ ਜਾਣਿਆ ਗਿਆ।
Publish Date: Sun, 14 Dec 2025 06:56 PM (IST)
Updated Date: Sun, 14 Dec 2025 07:00 PM (IST)
ਗੁਰਚਰਨ ਜੰਜੂਆ, ਪੰਜਾਬੀ ਜਾਗਰਣ, ਅਮਲੋਹ : ਵਿਧਾਨ ਸਭਾ ਹਲਕਾ ਅਮਲੋਹ ਦੇ ਪਿੰਡ ਦੀਵਾ ਗੰਢੂਆਂ ਵਿਖੇ ਪੋਲਿੰਗ ਸਟੇਸ਼ਨ ਦੇ ਅੰਦਰ ਪਿੰਡ ਦੇ ਕਾਂਗਰਸੀਆਂ ਅਤੇ ਅਣਪਛਾਤੇ ਵਿਅਕਤੀਆਂ ਵੱਲੋਂ ਆਪ ਆਗੂ ਦੀ ਕੁੱਟਮਾਰ ਕੀਤੇ ਜਾਣ ਦੀ ਖ਼ਬਰ ਹੈ। ਸਿਵਲ ਹਸਪਤਾਲ ਅਮਲੋਹ ਵਿਖੇ ਜ਼ੇਰੇ ਇਲਾਜ ਪੀੜਤ ਸੁਖਚੈਨ ਸਿੰਘ ਨੇ ਕਿਹਾ ਉਹ ਆਪਣੀ ਵੋਟ ਪਾ ਕੇ ਨਿਕਲਿਆ ਤਾਂ ਸਾਬਕਾ ਸਰਪੰਚ ਬਿੱਕਰ ਸਿੰਘ, ਪ੍ਰਿਤਪਾਲ ਸਿੰਘ, ਦੀਪਇੰਦਰ ਸਿੰਘ ਤੇ ਹਰਜੋਤ ਸਿੰਘ, ਮਨਵੀਰ ਸਿੰਘ ਤੇ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ।
ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪੋਲਿੰਗ ਏਜੰਟ ਹਰਿੰਦਰ ਸਿੰਘ ਦੀਵਾ ਨੇ ਛੁਡਵਾਇਆ ਅਤੇ ਮੌਕੇ 'ਤੇ ਪਿੰਡ ਦੇ ਸਰਪੰਚ ਲਖਵੀਰ ਸਿੰਘ ਲੱਖਾ ਵੀ ਪੁੱਜ ਗਏ। ਉਨ੍ਹਾਂ ਕਿਹਾ ਹਰਿੰਦਰ ਸਿੰਘ ਵਗੈਰਾ ਵੱਲੋਂ ਮੈਨੂੰ ਸਿਵਲ ਹਸਪਤਾਲ ਅਮਲੋਹ ਵਿਖੇ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਪਾਸੋਂ ਸਬੰਧਿਤ ਵਿਅਕਤੀਆਂ ਖਿ਼ਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਵੱਲੋਂ ਸਿਵਲ ਹਸਪਤਾਲ ਅਮਲੋਹ ਵਿਖੇ ਸੁਖਚੈਨ ਸਿੰਘ ਦਾ ਹਾਲ ਚਾਲ ਜਾਣਿਆ ਗਿਆ।
ਡਾ.ਕੰਵਰਪਾਲ ਸਿੱਧੂ ਮੈਡੀਕਲ ਅਫਸਰ ਨੇ ਕਿਹਾ ਕਿ ਮਰੀਜ਼ ਨੂੰ ਜ਼ਿਲ੍ਹਾ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਰੈਫਰ ਕੀਤਾ ਜਾ ਰਿਹਾ ਹੈ।ਜਦੋਂ ਇਸ ਸਬੰਧੀ ਦੂਸਰੀ ਧਿਰ ਦੇ ਕਾਂਗਰਸੀ ਸਾਬਕਾ ਸਰਪੰਚ ਬਿੱਕਰ ਸਿੰਘ ਦੀਵਾ ਨਾਲ ਵਾਰ -ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਥਾਣਾ ਮੁਖੀ ਅਮਲੋਹ ਬਲਜਿੰਦਰ ਸਿੰਘ ਕੰਗ ਨੇ ਕਿਹਾ ਕੀ ਮੁਦੱਈ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।