ਐੱਫਏਪੀ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸਨਮਾਨ
ਐੱਫਏਪੀ ਵੱਲੋਂ ਜੀਪੀਐੱਸ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਨਮਾਨ
Publish Date: Wed, 10 Dec 2025 05:20 PM (IST)
Updated Date: Wed, 10 Dec 2025 05:21 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ (ਐੱਫਏਪੀ) ਵੱਲੋਂ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਬੋਰਡ ਪ੍ਰੀਖਿਆਵਾਂ ਤੇ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਹਰਿਆਣਾ ਦੇ ਗਵਰਨਰ ਆਸ਼ਿਮ ਕੁਮਾਰ ਘੋਸ਼, ਉਨ੍ਹਾਂ ਦੀ ਧਰਮ-ਪਤਨੀ ਮਿਤਰਾ ਘੋਸ਼, ਐੱਫਏਪੀ ਦੇ ਚੇਅਰਮੈਨ ਜਗਜੀਤ ਸਿੰਘ ਧੂਰੀ ਅਤੇ ਪ੍ਰਸਿੱਧ ਪੰਜਾਬੀ ਗਾਇਕ ਗੁਰਨਾਮ ਭੁੱਲਰ ਹਾਜ਼ਰ ਸਨ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਗਈ। ਬੋਰਡ ਪ੍ਰੀਖਿਆ ਸੈਸ਼ਨ 2024-25 ਵਿਚ 97 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਗੋਬਿੰਦਗੜ੍ਹ ਪਬਲਿਕ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀ -ਪ੍ਰਭਜੀਤ ਸਿੰਘ, ਮਨਵੀਤ ਸਿੰਘ, ਹਿਮਾਂਸ਼ੀ ਗੁਪਤਾ, ਸੁਖਮਨ ਕੌਰ, ਰੌਨਕ ਜੈਨ ਅਤੇ ਨਤਾਸ਼ਾ ਸਿੰਗਲਾ -ਨੂੰ ਮਾਣ-ਪੱਤਰ, ਟਰਾਫ਼ੀਆਂ ਅਤੇ ਵਿਸ਼ੇਸ਼ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਖੇਡਾਂ ਦੇ ਖੇਤਰ ਵਿਚ ਕਾਬਲੀਅਤ ਦਾ ਲੋਹਾ ਮਨਵਾਉਣ ਵਾਲੇ ਵਿਓਮ ਗੋਇਲ ਅਤੇ ਰਿਸ਼ਿਕ ਖੁਰਾਣਾ ਨੂੰ ਵੀ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਦੋਹਾਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਉੱਚ ਪੱਧਰੀ ਖੇਡ-ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਮਾਣ ਵਧਾਇਆ। ਇਸੇ ਦੌਰਾਨ, ਸੀਨੀਅਰ ਕੋਆਰਡੀਨੇਟਰ ਡਾ. ਵੈਸ਼ਾਲੀ ਗੋਇਲ ਨੂੰ ਵੀ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਗਤੀ ਵਿਚ ਮਹੱਤਵਪੂਰਨ ਯੋਗਦਾਨ ਦੇਣ ਲਈ ਖ਼ਾਸ ਤੌਰ ’ਤੇ ਸਨਮਾਨਿਤ ਕੀਤਾ ਗਿਆ।