ਡਾਇਰੈਕਟਰ ਡਾ. ਬਾਂਸਲ ਨੇ ਹਸਪਤਾਲ ਦਾ ਕੀਤਾ ਦੌਰਾ
ਡਾਇਰੈਕਟਰ ਡਾ. ਸੁਨੀਲ ਬਾਂਸਲ ਨੇ ਜ਼ਿਲ੍ਹਾ ਹਸਪਤਾਲ ਦਾ ਕੀਤਾ ਦੌਰਾ
Publish Date: Thu, 11 Dec 2025 05:13 PM (IST)
Updated Date: Thu, 11 Dec 2025 05:15 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਡਾਇਰੈਕਟਰ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਪੀਐੱਚਐੱਸਸੀ) ਡਾ. ਸੁਨੀਲ ਬਾਂਸਲ ਨੇ ਜ਼ਿਲ੍ਹਾ ਹਸਪਤਾਲ ਫਤਹਿਗੜ੍ਹ ਸਾਹਿਬ ਦਾ ਅਚਾਨਕ ਦੌਰਾ ਕੀਤਾ। ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ ਨੇ ਉਨ੍ਹਾਂ ਨੂੰ ਦੌਰਾ ਕਰਵਾਉਂਦਿਆਂ ਹਸਪਤਾਲ ਦੀ ਮੌਜੂਦਾ ਸਥਿਤੀ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਡਾਇਰੈਕਟਰ ਡਾ. ਸੁਨੀਲ ਬਾਂਸਲ ਨੇ ਹਸਪਤਾਲ ਦੀ ਐਮਰਜੈਂਸੀ ਵਾਰਡ, ਓਪੀਡੀ, ਜੱਚਾ-ਬੱਚਾ ਵਾਰਡ, ਆਪ੍ਰੇਸ਼ਨ ਥੀਏਟਰ, ਗਾਇਨੀ ਵਿਭਾਗ, ਪਾਰਕਿੰਗ ਏਰੀਆ, ਨਸ਼ਾ ਛੁਡਾਊ ਕੇਂਦਰ, ਬਲੱਡ ਬੈਂਕ, ਹਸਪਤਾਲ ਵਿਚ ਨਵੀਂ ਬਣ ਰਹੀ ਇਮਾਰਤ, ਰੈਨੋਵੇਸ਼ਨ ਏਰੀਆ ਤੋਂ ਇਲਾਵਾ ਹੋਰ ਖੇਤਰਾਂ ਦਾ ਨਿਰੀਖਣ ਕੀਤਾ। ਉਨ੍ਹਾਂ ਜੇਈ ਅਤੇ ਠੇਕੇਦਾਰ ਨੂੰ ਮੌਕੇ ’ਤੇ ਬੁਲਾ ਕੇ ਹਸਪਤਾਲ ਅੰਦਰਲੀਆਂ ਸੜਕਾਂ ਨੂੰ ਪੱਕਾ ਕਰਨ ਅਤੇ ਚੱਲ ਰਹੇ ਕੰਮ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ। ਉਨ੍ਹਾਂ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਆਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਮੌਕੇ ’ਤੇ ਹਾਜ਼ਰ ਜ਼ਿਲ੍ਹਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਨੂੰ ਕਿਹਾ ਕਿ ਉਹ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਬੁਨਿਆਂਦੀ ਅਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨੀਆਂ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ ਲਕਸ਼ਿਆ ਦੇ ਮਾਪਦੰਡ ਅਨੁਸਾਰ ਸੰਸਥਾ ਦੇ ਲੇਬਰ ਰੂਮ, ਗਾਇਨੀ ਆਪਰੇਸ਼ਨ ਥੀਏਟਰ ਅਤੇ ਜੱਚਾ-ਬੱਚਾ ਵਿਭਾਗ ਵਿਚ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਅਤੇ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਇਹ ਸਹੂਲਤਾਂ ਆਮ ਲੋਕਾਂ ਨੂੰ ਪ੍ਰਦਾਨ ਕਰਨ ਵਿਚ ਕੋਈ ਘਾਟ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਸਾਫ਼ ਸਫਾਈ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਕੰਵਲਦੀਪ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਅਮਨਪ੍ਰੀਤ ਸਿੰਘ, ਚੀਫ ਫਾਰਮੇਸੀ ਅਫ਼ਸਰ ਸੰਦੀਪ ਸਿੰਘ, ਨਰਸਿੰਗ ਸਿਸਟਰ ਪਰਵਿੰਦਰ ਕੌਰ ਅਤੇ ਸਟਾਫ ਨਰਸ ਪ੍ਰਿਅੰਕਾ ਥੋਮਸ, ਫੈਸਿਲਿਟੀ ਮੈਨੇਜਰ ਕੁਲਵਿੰਦਰ ਕੌਰ ਆਦਿ ਮੌਜੂਦ ਸਨ।