ਝੱਖੜ ਕਾਰਨ ਸਰ੍ਹੋਂ, ਜਵ੍ਹੀ ਤੇ ਬਰਸੀਮ ਨੂੰ ਪੁੱਜਾ ਨੁਕਸਾਨ
ਝੱਖੜ ਕਾਰਨ ਸਰੋਂ ਜਵ੍ਹੀ ਅਤੇ ਬਰਸੀਮ ਨੂੰ ਪੁੱਜਾ ਨੁਕਸਾਨ
Publish Date: Sat, 24 Jan 2026 07:48 PM (IST)
Updated Date: Sat, 24 Jan 2026 07:52 PM (IST)
ਹਰਕੰਵਲ ਕੰਗ, ਪੰਜਾਬੀ ਜਾਗਰਣ, ਖਮਾਣੋਂ : ਚਿਰਾਂ ਤੋਂ ਉਡੀਕੇ ਜਾ ਰਹੇ ਸਿਆਲ ਰੁੱਤ ਦੇ ਪਏ ਭਾਰੀ ਮੀਂਹ ਅਤੇ ਝੱਖੜ ਕਾਰਨ ਸਰ੍ਹੋਂ ਦੀ ਫਸਲ ਅਤੇ ਚਾਰੇ ਦਾ ਭਾਰੀ ਨੁਕਸਾਨ ਹੋ ਗਿਆ ਹੈ। ਮੀਂਹ ਕਾਰਨ ਬਰਸੀਮ ਦੀ ਫਸਲ ਤਾਂ ਬਿਲਕੁਲ ਟੁੱਟ ਗਈ ਅਤੇ ਜਵ੍ਹੀ ਦਾ ਚਾਰਾ ਬਿਲਕੁਲ ਧਰਤੀ ਨਾਲ ਵਿਛ ਗਿਆ ਹੈ, ਸਰ੍ਹੋਂ ਵੀ ਖੇਤਾਂ ਵਿੱਚ ¦ਵਿਛੀ ਪਈ ਹੈ। ਚਾਰਾ ਵਿਛਣ ਕਾਰਨ ਜਲਦੀ ਗਲ ਜਾਣ ਦਾ ਡਰ ਹੈ। ਇਸ ਤੋਂ ਇਲਾਵਾ ਗੰਨੇ ਦੀ ਫਸਲ ਵੀ ਝੱਖੜ ਨਾਲ ਨੁਕਸਾਨੀ ਗਈ ਹੈ। ਗੰਨਾ ਵੀ ਡਿੱਗ ਗਿਆ ਹੈ। ਡਿੱਗੇ ਗੰਨੇ ਨੂੰ ਚੂਹਾ ਜਲਦੀ ਪੈ ਜਾਂਦਾ ਹੈ। ਗੰਨਾ ਵੱਢਣਾ ਵੀ ਔਖਾ ਹੋ ਜਾਂਦਾ ਹੈ।
ਕਿਸਾਨ ਹਰਮਨਦੀਪ ਸਿੰਘ ਨੇ ਕਿਹਾ ਕਿ ਪਹਿਲਾਂ ਹੀ ਹਰੇ ਚਾਰੇ ਦੀ ਭਾਰੀ ਕਿੱਲਤ ਚੱਲ ਰਹੀ ਹੈ। ਠੰਢ ਕਾਰਨ ਬਰਸੀਮ ਦਾ ਪਹਿਲਾਂ ਹੀ ਫੁਟਾਰਾ ਨਹੀਂ ਹੋ ਰਿਹਾ ਪਰ ਹੁਣ ਝੱਖੜ ਕਾਰਨ ਬਰਸੀਮ ਦੀ ਫਸਲ ਇੱਕ ਤਰ੍ਹਾਂ ਟੁੱਟ ਕੇ ਖਤਮ ਹੋ ਗਈ ਹੈ ਅਤੇ ਜਵ੍ਹੀ ਬਿਲਕੁਲ ਵਿਛ ਗਈ ਹੈ। ਇਸ ਤਰ੍ਹਾਂ ਜਵ੍ਹੀ ਦਾ ਚਾਰਾ ਹੌਲਾ ਪੈ ਜਾਵੇਗਾ ਅਤੇ ਜਲਦੀ ਸੁੱਕ ਜਾਵੇਗਾ। ਇਸ ਤਰ੍ਹਾਂ ਹੀ ਕਿਸਾਨ ਗੁਰਦੇਵ ਸਿੰਘ ਦਾ ਕਹਿਣਾ ਸੀ ਕਿ ਤੂੜੀ ਦਾ ਭਾਅ ਪਹਿਲਾਂ ਹੀ ਅਸਮਾਨੀ ਚੜ੍ਹਿਆ ਹੋਇਆ ਹੈ ਪਰ ਹੁਣ ਚਾਰੇ ਨੂੰ ਝੱਖੜ ਦੀ ਪਈ ਮਾਰ ਕਾਰਨ ਤੂੜੀ ਅਤੇ ਗੰਨੇ ਦੀ ਮੰਗ ਹੋਰ ਵਧ ਜਾਵੇਗੀ। ਇਸ ਦੇ ਨਾਲ ਹੀ ਨੀਵੇਂ ਇਲਾਕਿਆਂ ਵਿੱਚ ਖੜ੍ਹੀ ਕਣਕ ਦੀ ਫਸਲ ਨੂੰ ਮੀਂਹ ਦਾ ਫਾਇਦਾ ਘੱਟ ਅਤੇ ਨੁਕਸਾਨ ਵਧੇਰੇ ਹੈ ਕਿਉਂਕਿ ਪਾਣੀ ਜਲਦੀ ਸੁੱਕਣ ਦੀ ਕੋਈ ਉਮੀਦ ਨਹੀਂ ਹੈ। ਇਸ ਤਰ੍ਹਾਂ ਕੱਲ੍ਹ ਪਿਆ ਮੀਂਹ ਭਾਵੇਂ ਕੁੱਲ ਮਿਲਾ ਕੇ ਲਾਹੇਵੰਦ ਰਿਹਾ ਹੈ ਪਰ ਪਸ਼ੂ ਪਾਲਕਾਂ ਲਈ ਘਾਟੇ ਵਾਲਾ ਹੀ ਸਾਬਿਤ ਹੋਇਆ ਹੈ।