ਕ੍ਰਿਪਾਨ ਕਾਰਨ ਵਕੀਲ ਨੂੰ ਜੇਲ੍ਹ ’ਚ ਮੁਲਾਕਾਤ ਤੋਂ ਰੋਕਣ ਦੀ ਨਿਖੇਧੀ
ਕ੍ਰਿਪਾਨ ਕਾਰਨ ਵਕੀਲ ਨੂੰ ਜੇਲ੍ਹ ’ਚ ਮੁਲਾਕਾਤ ਤੋਂ ਰੋਕਣ ਦੀ ਨਿਖੇਧੀ
Publish Date: Thu, 11 Dec 2025 06:07 PM (IST)
Updated Date: Thu, 11 Dec 2025 06:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਮਨੁੱਖੀ ਅਧਿਕਾਰ ਦਿਵਸ ਵਾਲੇ ਦਿਨ ਅੰਮ੍ਰਿਤਧਾਰੀ ਵਕੀਲ ਜਸਪਾਲ ਸਿੰਘ ਮੰਝਪੁਰ ਨੂੰ ਕ੍ਰਿਪਾਨ ਪਾਈ ਹੋਣ ਕਾਰਨ ਤਿਹਾੜ ਜੇਲ੍ਹ ਵਿੱਚ ਮੁਲਾਕਾਤ ਤੋਂ ਰੋਕਣ ਦੀ ਸਖ਼ਤ ਨਿਖੇਧੀ ਕੀਤੀ ਹੈ। ਪੰਜੋਲੀ ਨੇ ਕਿਹਾ ਕਿ ਭਾਈ ਮੰਝਪੁਰ ਦੋ ਦਹਾਕਿਆਂ ਤੋਂ ਨਜ਼ਰਬੰਦ ਸਿੱਖਾਂ ਦੀ ਮੁਫ਼ਤ ਪੈਰਵਾਈ ਕਰਦੇ ਆ ਰਹੇ ਹਨ, ਪਰ ਸੰਵਿਧਾਨ ਵੱਲੋਂ ਮਿਲੇ ਕਿਰਪਾਨ ਧਾਰਨ ਦੇ ਅਧਿਕਾਰ ਦੇ ਬਾਵਜੂਦ ਉਨ੍ਹਾਂ ਨੂੰ ਅਪਮਾਨਿਤ ਕੀਤਾ ਗਿਆ। ਉਨ੍ਹਾਂ ਇਸ ਨੂੰ ਘੱਟ ਗਿਣਤੀਆਂ ਖ਼ਿਲਾਫ਼ ਮਾਹੌਲ ਬਣਾਉਣ ਅਤੇ ਔਰੰਗਜ਼ੇਬੀ ਨੀਤੀ ਦਾ ਹਿੱਸਾ ਦੱਸਿਆ। ਉਨ੍ਹਾਂ ਆਖਿਆ ਕਿ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਤਿਹਾੜ ਜੇਲ੍ਹ ਦੇ ਅੰਦਰ ਨਹੀਂ ਦਾਖਲ ਹੋਣਾ ਸੀ ਅਤੇ ਡਿਓੜੀ ਤਕ ਜਾਣ ਲਈ ਕੋਈ ਬੰਦਸ਼ ਨਹੀਂ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨਾਲ ਵਧੀਕੀ ਕੀਤੀ ਗਈ। ਪੰਜੋਲੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖਾਂ ਦੀ ਕਿਰਪਾਨ ਨੂੰ ਸਤਿਕਾਰ ਦਿੱਤਾ ਜਾ ਰਿਹਾ ਹੈ, ਪਰ ਭਾਰਤ ਵਿੱਚ ਸਿੱਖਾਂ ਨੂੰ ਵਾਰ-ਵਾਰ ਜਲੀਲ ਕੀਤਾ ਜਾ ਰਿਹਾ ਹੈ, ਜੋ ਬਹੱਦ ਸ਼ਰਮਨਾਕ ਹੈ।