ਠੇਕੇਦਾਰ ਨੂੰ ਨੋਟਿਸ ਜਾਰੀ ਕਰਨ ਦੇ ਮੁੱਖ ਮੰਤਰੀ ਨੇ ਦਿੱਤੇ ਹੁਕਮ
ਪੰਜਾਬ ਪੇਜ ਲਈ : ਮੁੱਖ ਮੰਤਰੀ ਨੇ ਠੇਕੇਦਾਰ ਨੂੰ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ
Publish Date: Thu, 11 Dec 2025 07:42 PM (IST)
Updated Date: Fri, 12 Dec 2025 04:13 AM (IST)

ਪੰਜਾਬੀ ਜਾਗਰਣ ਟੀਮ, ਫਤਹਿਗੜ੍ਹ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਹਿੰਦ-ਪਟਿਆਲਾ ਮਾਰਗ ਨੂੰ ਚੌੜਾ ਕਰ ਰਹੇ ਠੇਕੇਦਾਰ ਨੂੰ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਵੀਰਵਾਰ ਸ਼ਾਮ ਨੂੰ ਅਚਾਨਕ ਸੜਕ ਦਾ ਨਿਰੀਖਣ ਕਰਨ ਪਹੁੰਚੇ ਮੁੱਖ ਮੰਤਰੀ ਨੇ ਕਿਹਾ ਕਿ ਸੜਕ ਦੇ ਨਿਰਮਾਣ ਸਮੱਗਰੀ ਦੀ ਜਾਂਚ ’ਚ ਖਾਮੀਆਂ ਮਿਲੀਆਂ ਹਨ। ਮੁੱਖ ਮੰਤਰੀ ਅੱਜ ਸ਼ਾਮ ਨੂੰ ਜਦੋਂ ਸਰਹਿੰਦ ਤੋਂ ਪਟਿਆਲਾ ਗਏ ਤਾਂ ਇਸ ਦੌਰਾਨ ਉਨ੍ਹਾਂ ਸੜਕ ਨਿਰਮਾਣ ’ਚ ਵਰਤੀ ਜਾ ਰਹੀ ਸਮੱਗਰੀ ਦੀ ਜਾਂਚ ਕਰਵਾਈ। ਬਾਅਦ ’ਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਰੁੜਕੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੜਕ ਨਿਰਮਾਣ ਦਾ ਕੰਮ ਸਹੀ ਮਾਪਦੰਡਾਂ ਅਨੁਸਾਰ ਨਹੀਂ ਮਿਲੀ। ਮੁੱਖ ਮੰਤਰੀ ਨੇ ਠੇਕੇਦਾਰ ਨੂੰ ਨੋਟਿਸ ਜਾਰੀ ਕਰ ਕੇ ਭੁਗਤਾਨ ਰੋਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਠੇਕੇਦਾਰ ਵੱਲੋਂ ਪਹਿਲਾਂ ਜਿਨ੍ਹਾਂ ਸੜਕਾਂ ਦਾ ਨਿਰਮਾਣ ਕਰਵਾਇਆ ਗਿਆ ਹੈ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਬਾਰੇ ਮੁੱਖ ਮੰਤਰੀ ਨੇ ਅਕਾਲੀ ਦਲ ਤੇ ਕਾਂਗਰਸ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਅਕਾਲੀਆਂ ਨੇ ਬੱਸਾਂ ਦੇ ਰੂਟ ਆਪਣੀਆਂ ਕੰਪਨੀਆਂ ਦੇ ਨਾਂ ਕਰਵਾ ਲਏ, ਜਿਸ ਕਾਰਨ ਪੇਂਡੂ ਇਲਾਕਿਆਂ ’ਚ ਬੱਸ ਰੂਟ ਹੀ ਬੰਦ ਹੋ ਗਏ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਮਿੰਨੀ ਬੱਸਾਂ ਦੇ ਪਰਮਿਟ ਦੇ ਕੇ ਪਿੰਡਾਂ ’ਚ ਬੱਸ ਰੂਟ ਮੁੜ ਚਾਲੂ ਕੀਤੇ ਜਾਣਗੇ। ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਦੇ 500 ਕਰੋੜ ਵਾਲੇ ਬਿਆਨ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ’ਚ ਜੋ ਚੱਲ ਰਿਹਾ ਹੈ ਉਹ ਲੋਕਾਂ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਪਹਿਲਾਂ ਜਨਤਾ ਦੀ ਵੋਟ ਖਰੀਦਦੇ ਹਨ, ਫਿਰ ਮੰਤਰਾਲਿਆਂ ਦੀ ਬੋਲੀ ਲਾ ਕੇ ਲੋਕਤੰਤਰ ਦਾ ਗਲਾ ਘੁੱਟਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਕਿ ਬਹੁਤ ਸਾਰੇ ਪ੍ਰਾਈਵੇਟ ਹਸਪਤਾਲ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਨੂੰ ਲਾਸ਼ ਸੌਂਪਣ ਤੋਂ ਪਹਿਲਾਂ ਪੂਰਾ ਭੁਗਤਾਨ ਕਰਨ ਦਾ ਦਬਾਅ ਬਣਾਉਂਦੇ ਹਨ। ਉਨ੍ਹਾਂ ਇਸ ਨੂੰ ਗ਼ਲਤ ਵਿਹਾਰ ਦੱਸਿਆ। ਉਨ੍ਹਾ ਕਿਹਾ ਕਿ ਜੇਕਰ ਕੋਈ ਪ੍ਰਾਈਵੇਟ ਹਸਪਤਾਲ ਲਾਸ਼ ਸੌਂਪਣ ਤੋਂ ਪਹਿਲਾਂ ਭੁਗਤਾਨ ਲਈ ਦਬਾਅ ਬਣਾਏ ਤਾਂ ਉਨ੍ਹਾਂ ਦੇ ਦਫਤਰ ਸੂਚਿਤ ਕੀਤਾ ਜਾਵੇ। ਪੰਜਾਬ ਸਰਕਾਰ ਅਜਿਹੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰੇਗੀ।