ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਬਸੰਤ ਕੀਰਤਨ ਦਰਬਾਰ ਕਰਵਾਇਆ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਬਸੰਤ ਕੀਰਤਨ ਦਰਬਾਰ ਦਾ ਆਯੋਜਨ
Publish Date: Fri, 30 Jan 2026 06:21 PM (IST)
Updated Date: Fri, 30 Jan 2026 06:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਸੰਗੀਤ ਵਿਭਾਗ ਵੱਲੋਂ ਬਸੰਤ ਰੁੱਤ ਦੇ ਆਗਮਨ ਮੌਕੇ ਭਾਵਪੂਰਤ ਬਸੰਤ ਕੀਰਤਨ ਦਰਬਾਰ ਸਜਾਇਆ ਗਿਆ। ਇਸ ਵਿਸ਼ੇਸ਼ ਕੀਰਤਨ ਦਰਬਾਰ ਵਿਚ ਵਾਈਸ-ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ, ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ, ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ, ਨਾਨ-ਟੀਚਿੰਗ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਸ਼ਰਧਾ ਸਹਿਤ ਹਾਜ਼ਰੀ ਭਰੀ। ਵਾਈਸ-ਚਾਂਸਲਰ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਹਰ ਸਮੈਸਟਰ ਦੀ ਸ਼ੁਰੂਆਤ ਰਵਾਇਤੀ ਤੌਰ ’ਤੇ ਬਸੰਤ ਕੀਰਤਨ ਨਾਲ ਕੀਤੀ ਜਾਂਦੀ ਹੈ, ਜਿਸ ਵਿਚ ਰਾਗ ਬਸੰਤ ਅਨੁਸਾਰ ਗੁਰਬਾਣੀ ਦਾ ਗਾਇਨ ਕੀਤਾ ਜਾਂਦਾ ਹੈ। ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਰਾਗ ਬਸੰਤ ਦੇ ਗੁਰਮਤਿ ਸੰਗੀਤ ਵਿੱਚ ਵਿਲੱਖਣ ਸਥਾਨ ਬਾਰੇ ਜਾਣਕਾਰੀ ਦਿੱਤੀ। ਪ੍ਰਸਿੱਧ ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ ਸ਼ਾਤ (ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ) ਨੇ ਰਾਗ ਬਸੰਤ ਵਿੱਚ ਵਿਭਿੰਨ ਸ਼ਬਦਾਂ ਅਤੇ ਦਸਮ ਗ੍ਰੰਥ ਦੀ ਬਾਣੀ ਦਾ ਰਸਭਿੰਨਾ ਕੀਰਤਨ ਕਰ ਸੰਗਤ ਨੂੰ ਨਿਹਾਲ ਕੀਤਾ। ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਹਰਪ੍ਰੀਤ ਸਿੰਘ ਨੇ ਰਾਗ ਬਸੰਤ ਅਤੇ ਬਸੰਤ ਹਿੰਡੋਲ ਵਿੱਚ ਸ਼ਬਦ ਗਾਏ, ਜਦਕਿ ਪ੍ਰੋ. ਰਵਿੰਦਰ ਕੌਰ, ਪ੍ਰੋ. ਸ਼ਬਨਮ, ਪ੍ਰੋ. ਲਖਵਿੰਦਰ ਕੌਰ ਤੇ ਪ੍ਰੋ. ਹਰਵਿੰਦਰ ਕੌਰ ਨੇ ਰਾਗ ਬਸੰਤ ਬਿਲਾਵਲ ਵਿੱਚ ਕੀਰਤਨ ਪੇਸ਼ ਕੀਤਾ। ਵਿਦਿਆਰਥੀਆਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਬਸੰਤੀ ਫੁੱਲਾਂ ਨਾਲ ਸਜਾਇਆ ਗਿਆ। ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਹਰਦੇਵ ਸਿੰਘ ਨੇ ਮੰਚ ਸੰਚਾਲਨ ਕੀਤਾ। ਸਮਾਗਮ ਨੇ ਗੁਰਮਤਿ ਸੰਗੀਤ ਦੀ ਸਮ੍ਰਿੱਧ ਪਰੰਪਰਾ ਨੂੰ ਉਜਾਗਰ ਕਰਦਿਆਂ ਬਸੰਤ ਰੁੱਤ ਦਾ ਸੁੰਦਰ ਸੁਆਗਤ ਕੀਤਾ।