ਸ਼ਹਿਰ ’ਚ ਲੁੱਟਾਂ-ਖੋਹਾਂ ਤੇ ਚੋਰੀਆਂ ਕਾਰਨ ਸਹਿਮ ਦਾ ਮਾਹੌਲ
ਸ਼ਹਿਰ ’ਚ ਲੁੱਟਾਂ ਖੋਹਾਂ ਚੋਰੀਆਂ ਕਾਰਨ ਸਹਿਮ ਦਾ ਮਾਹੌਲ
Publish Date: Sat, 24 Jan 2026 06:05 PM (IST)
Updated Date: Sat, 24 Jan 2026 06:07 PM (IST)

ਗੁਰਚਰਨ ਜੰਜੂਆ, ਪੰਜਾਬੀ ਜਾਗਰਣ, ਅਮਲੋਹ : ਪਿਛਲੇ ਕਰੀਬ 15 ਦਿਨਾਂ ਤੋਂ ਅਮਲੋਹ ਸ਼ਹਿਰ ਅੰਦਰ ਦਿਨ-ਦਿਹਾੜੇ ਹੋ ਰਹੀਆਂ ਲੁੱਟਾਂ-ਖੋਹਾਂ ਤੇ ਚੋਰੀਆਂ ਕਾਰਨ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸ਼੍ਰੀ ਸ਼ੀਤਲਾ ਮਾਤਾ ਵੈੱਲਫੇਅਰ ਟਰੱਸਟ ਦੇ ਚੇਅਰਮੈਨ ਵਿਨੈ ਪੁਰੀ ਨੇ ਦੱਸਿਆ ਕਿ 18 ਜਨਵਰੀ ਨੂੰ ਸ਼੍ਰੀ ਸ਼ੀਤਲਾ ਮਾਤਾ ਮੰਦਿਰ ਵਿਖੇ ਇੱਕ ਭੋਗ ਸਮਾਗਮ ਵਿੱਚ ਆ ਰਹੀ ਮਹਿਲਾ ਦੀਆਂ ਮੋਟਰਸਾਈਕਲ ਸਵਾਰ ਵੱਲੋਂ ਕੰਨਾਂ ਦੀਆਂ ਵਾਲੀਆਂ ਲਾਹ ਲਈਆਂ ਗਈਆਂ ਹਨ। ਸਮਾਜ ਸੇਵੀ ਸੁਭਾਸ਼ ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ 22 ਜਨਵਰੀ ਨੂੰ ਸ਼ਾਮ ਨੂੰ ਸੈਰ ਕਰ ਰਹੇ ਸਨ, ਜਦੋਂ ਉਹ ਲੋਕ ਸੇਵਕ ਪੈਟਰੋਲ ਪੰਪ ਕੋਲ ਪੁੱਜੇ ਸਨ ਤਾਂ ਦੋ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਦੀ ਮਾਤਾ ਦੀ ਵਾਲ਼ੀ ਲਾਹ ਕੇ ਫ਼ਰਾਰ ਹੋ ਗਏ। ਸ਼ਹਿਰ ਦੀ ਇੱਕ ਐੱਨਜੀਓ ਦੇ ਅਹੁਦੇਦਾਰ ਨੇ ਦੱਸਿਆ ਕਿ ਲੁੱਟਾਂ-ਖੋਹਾਂ ਤੇ ਚੋਰੀਆਂ ਦੇ ਸ਼ਿਕਾਰ ਹੋਏ ਬਹੁਤੇ ਪੀੜਤ ਲੋਕ ਤਾਂ ਪੁਲਿਸ ਥਾਣੇ ਵਿੱਚ ਘਟਨਾ ਦੀ ਜਾਣਕਾਰੀ ਤਕ ਨਹੀਂ ਦਿੰਦੇ ਕਿਉਂਕਿ ਉਨ੍ਹਾਂ ਨੂੰ ਅੱਗੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕੀ ਦਿਨ-ਦਿਹਾੜੇ ਸ਼ਹਿਰ ਅੰਦਰ ਹੋ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਅਮਲੋਹ ਵਿੱਚ ਕਈ ਥਾਂਵਾਂ ’ਤੇ ਦੜਾ ਸੱਟਾ ਲੱਗਣ ਦੀ ਵੀ ਚਰਚਾ ਹੋ ਰਹੀ ਹੈ।