ਮੰਡੀ ਗੋਬਿੰਦਗੜ੍ਹ ਚੌਕ ’ਚ ਟੋਇਆ ਕਾਰਨ ਹੋ ਰਹੇ ਨੇ ਹਾਦਸੇ
ਮੰਡੀ ਗੋਬਿੰਦਗੜ੍ਹ ਚੌਂਕ ਵਿੱਚ ਟੋਇਆ ਕਾਰਨ ਹੋ ਰਹੇ ਨੇ ਹਾਦਸੇ
Publish Date: Sat, 10 Jan 2026 05:05 PM (IST)
Updated Date: Sat, 10 Jan 2026 05:09 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਸਥਾਨਕ ਮੰਡੀ ਗੋਬਿੰਦਗੜ੍ਹ ਚੌਕ ਵਿਚ ਵਾਟਰ ਸਪਲਾਈ ਦੀ ਪਾਈਪ ਲਾਈਨ ਪਾਏ ਜਾਣ ਤੋਂ ਬਾਅਦ ਟੋਏ ਨਾ ਭਰੇ ਜਾਣ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਹਨ। ਬੀਤੀ ਰਾਤ ਵੀ ਇਕ ਮੋਟਰਸਾਈਕਲ ਸਵਾਰ ਇਸ ਟੋਏ ਵਿਚ ਡਿੱਗ ਕੇ ਟਰੱਕ ਥੱਲੇ ਆ ਜਾਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਮੌਕੇ ’ਤੇ ਖੜ੍ਹੇ ਲੋਕਾਂ ਨੇ ਬੜੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਟਰੱਕ ਥੱਲੋਂ ਕੱਢ ਕੇ ਉਸ ਦੀ ਜਾਨ ਬਚਾਈ। ਸ਼ਹਿਰ ਵਾਸੀਆਂ ਵਿਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਸ਼ਹਿਰ ਵਿਚ ਵਾਟਰ ਸਪਲਾਈ ਦੀ ਪਾਈਪ ਲਾਈਨ ਪਾਏ ਜਾਣ ਤੋਂ ਬਾਅਦ ਬਹੁਤ ਥਾਵਾਂ ’ਤੇ ਡੂੰਘੇ ਟੋਏ ਪਏ ਹੋਏ ਹਨ ਜੋ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਵਾਟਰ ਸਪਲਾਈ ਦੀ ਪਾਈਪ ਲਾਈਨ ਪਾਉਣ ਸਮੇਂ ਕੁਝ ਥਾਵਾਂ ਤੋਂ ਬੀਐੱਸਐੱਨਐੱਲ ਦੀਆਂ ਤਾਰਾਂ ਕੱਟ ਗਈਆਂ ਸਨ ਤੇ ਇਨ੍ਹਾਂ ਦੀ ਮੁਰੰਮਤ ਲਈ ਬੀਐਸਐਨਐਲ ਵੱਲੋਂ ਵੀ ਕਈ ਥਾਵਾਂ ’ਤੇ ਡੂੰਘੇ ਟੋਏ ਪੁੱਟੇ ਗਏ ਸਨ ਪਰ ਬਾਅਦ ਵੀ ਠੀਕ ਨਹੀਂ ਕੀਤੇ ਗਏ। ਵਰਣਨਯੋਗ ਹੈ ਕਿ ਮੰਡੀ ਗੋਬਿੰਦਗੜ੍ਹ ਚੌਕ ’ਚ ਹਰ ਸਮੇਂ ਲੰਬਾ ਜਾਮ ਲੱਗਾ ਰਹਿੰਦਾ ਹੈ। ਲੋਹੇ ਦੇ ਵੱਡੇ ਟਰਾਲੇ, ਪਰਾਲੀ ਦੀਆਂ ਟਰਾਲੀਆਂ ਤੋ ਇਲਾਵਾ ਇਸ ਸਮੇਂ ਗੰਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਇਸ ਚੌਂਕ ਵਿੱਚ ਡੂੰਘੇ ਟੋਇਆ ਕਾਰਨ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਇਸ ਪਾਸੇ ਤੁਰੰਤ ਦੇਵੇ।