ਫਰੀਦਕੋਟ ਕੇਂਦਰੀ ਮਾਡਲ ਜੇਲ੍ਹ 'ਚ ਤਰਥੱਲੀ: ਨਸ਼ਾ ਤਸਕਰੀ ਦੇ ਮਾਮਲੇ 'ਚ ਬੰਦ ਕੈਦੀ ਨੇ ਕੀਤੀ ਖੁਦਕੁਸ਼ੀ
ਘਟਨਾ ਦੀ ਜਾਣਕਾਰੀ ਮਿਲਦੇ ਹੀ ਜੇਲ੍ਹ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਿਵਲ ਹਸਪਤਾਲ ਫਰੀਦਕੋਟ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
Publish Date: Mon, 04 May 2026 09:34 AM (IST)
Updated Date: Mon, 04 May 2026 09:36 AM (IST)
ਸ਼ਿਵ ਕੁਮਾਰ ਸ਼ਰਮਾ, ਪੰਜਾਬੀ ਜਾਗਰਣ, ਫਰੀਦਕੋਟ : ਫਰੀਦਕੋਟ ਦੀ ਕੇਂਦਰੀ ਮਾਡਲ ਜੇਲ੍ਹ ਵਿੱਚ ਬੰਦ ਇੱਕ ਕੈਦੀ ਵੱਲੋਂ ਐਤਵਾਰ ਸਵੇਰੇ ਆਪਣੀ ਬੈਰਕ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸਵਰਨਜੀਤ ਸਿੰਘ ਵਾਸੀ ਪਿੰਡ ਲਾਲਚੀਆਂ, ਗੁਰੂਹਰਸਹਾਇ (ਫਿਰੋਜ਼ਪੁਰ) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਵਰਨਜੀਤ ਸਿੰਘ ਖ਼ਿਲਾਫ਼ 25 ਜੁਲਾਈ 2017 ਨੂੰ ਥਾਣਾ ਸਦਰ ਜਲਾਲਾਬਾਦ (ਫਾਜ਼ਿਲਕਾ) ਵਿੱਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੋਇਆ ਸੀ, ਜਿਸ ਤੋਂ ਬਾਅਦ ਉਹ ਫਰੀਦਕੋਟ ਜੇਲ੍ਹ ਵਿੱਚ ਬੰਦ ਸੀ। ਐਤਵਾਰ ਸਵੇਰੇ ਕਰੀਬ 8 ਵਜੇ ਕੈਦੀ ਨੇ ਆਪਣੀ ਬੈਰਕ ਵਿੱਚ ਲੱਗੇ ਚੈਨਲ ਨਾਲ ਫਾਹਾ ਲਗਾ ਲਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜੇਲ੍ਹ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਿਵਲ ਹਸਪਤਾਲ ਫਰੀਦਕੋਟ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਘਟਨਾ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਨੇ ਦੱਸਿਆ ਕਿ ਕੈਦੀ ਨੇ ਸਵੇਰੇ ਕਰੀਬ 8 ਵਜੇ ਆਪਣੀ ਬੈਰਕ ਵਿੱਚ ਫਾਹਾ ਲਗਾਇਆ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਕਾਰਵਾਈ ਕੀਤੀ ਜਾਵੇਗੀ।