ਇਨ੍ਹਾਂ 'ਚ 38 ਜੱਜ ਪੰਜਾਬ ਦੇ ਹਨ ਤੇ 46 ਜੱਜ ਹਰਿਆਣੇ ਦੇ ਹਨ। ਇਹ ਤਬਾਦਲੇ ਦੇ ਹੁਕਮ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟ੍ਰਾਰ ਜਨਰਲ ਵੱਲੋਂ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਅਤੇ ਸੈਸ਼ਨ ਜੱਜਾਂ, ਐਡੀਸ਼ਨਲ ਜ਼ਿਲ੍ਹਾ ਜੱਜਾਂ ਅਤੇ ਵੱਖ-ਵੱਖ ਪੱਧਰਾਂ ਦੇ ਹੋਰ ਜੁਡੀਸ਼ਲ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੀ ਪੂਰੀ ਸੂਚੀ ਹੇਠਾਂ ਦਿੱਤੀ ਗਈ ਹੈ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਵਿਚ ਨਿਆਇਕ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੱਡੇ ਪੱਧਰ 'ਤੇ ਬਦਲਾਅ ਕਰਦੇ ਹੋਏ 38 ਨਿਆਇਕ ਅਧਿਕਾਰੀਆਂ ਦੇ ਤਬਾਦਲੇ ਅਤੇ ਤਰੱਕੀਆਂ ਦੇ ਹੁਕਮ ਜਾਰੀ ਕੀਤੇ ਹਨ। ਇਸ ਵਿਆਪਕ ਪ੍ਰਸ਼ਾਸਕੀ ਬਦਲਾਅ ਵਿਚ ਜ਼ਿਲ੍ਹਾ ਅਤੇ ਸੈਸ਼ਨ ਜੱਜ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ (ਏਡੀਜੇ), ਫੈਮਿਲੀ ਕੋਰਟ, ਐੱਨਆਰਆਈ ਕੋਰਟ ਅਤੇ ਵੱਖ-ਵੱਖ ਵਿਸ਼ੇਸ਼ ਕੋਰਟਾਂ ਵਿਚ ਮਹੱਤਵਪੂਰਨ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਪੱਧਰ 'ਤੇ ਕੀਤੇ ਗਏ ਬਦਲਾਅ ਵਿਚ ਨਿਰਭਵ ਸਿੰਘ ਗਿੱਲ ਨੂੰ ਜਲੰਧਰ ਤੋਂ ਫਤਿਹਗੜ੍ਹ ਸਾਹਿਬ, ਜਤਿੰਦਰ ਪਾਲ ਸਿੰਘ ਖੁਰਮੀ ਨੂੰ ਪਠਾਨਕੋਟ ਤੋਂ ਸ਼ਹੀਦ ਭਗਤ ਸਿੰਘ ਨਗਰ ਅਤੇ ਅਰੁਣ ਗੁਪਤਾ ਨੂੰ ਫਤਿਹਗੜ੍ਹ ਸਾਹਿਬ ਤੋਂ ਨਵੇਂ ਬਣੇ ਮਾਲੇਰਕੋਟਲਾ ਸੈਸ਼ਨ ਡਵੀਜ਼ਨ ਵਿਚ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰੀਆ ਸੂਦ ਨੂੰ ਸ਼ਹੀਦ ਭਗਤ ਸਿੰਘ ਨਗਰ ਤੋਂ ਜਲੰਧਰ ਭੇਜਿਆ ਗਿਆ ਹੈ। ਰਜਨੀਸ਼ ਗਰਗ ਨੂੰ ਚੰਡੀਗੜ੍ਹ ਟ੍ਰਿਬਿਊਨਲ ਤੋਂ ਵਾਪਸ ਲੈ ਕੇ ਪਠਾਨਕੋਟ ਵਿਚ ਨਿਯੁਕਤ ਕੀਤਾ ਗਿਆ ਹੈ।
ਪ੍ਰੋਮੋਸ਼ਨ ਸੂਚੀ ਵਿਚ ਜਸਵਿੰਦਰ ਸ਼ੀਂਮਾਰ ਨੂੰ ਹੁਸ਼ਿਆਰਪੁਰ ਤੋਂ ਤਰੱਕੀ ਦੇ ਕੇ ਸ਼੍ਰੀ ਮੁਕਤਸਰ ਸਾਹਿਬ ਦਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਲਾਇਆ ਗਿਆ ਹੈ। ਸੁਰਿੰਦਰ ਪਾਲ ਕੌਰ ਨੂੰ ਬਠਿੰਡਾ ਤੋਂ ਚੰਡੀਗੜ੍ਹ ਸਥਿਤ ਸਟੇਟ ਟ੍ਰਾਂਸਪੋਰਟ ਅਪੀਲੇਟ ਟ੍ਰਿਬਿਊਨਲ ਵਿਚ ਪ੍ਰਿਜ਼ਾਈਡਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ, ਜਦਕਿ ਸੰਜੇ ਅਗਨੀਹੋਤਰੀ ਨੂੰ ਕਪੂਰਥਲਾ ਤੋਂ ਫਰੀਦਕੋਟ ਦਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਣਾਇਆ ਗਿਆ ਹੈ।
ਏਡੀਜੇ ਪੱਧਰ 'ਤੇ ਵੀ ਵੱਡੇ ਪੱਧਰ 'ਤੇ ਬਦਲਾਅ ਦੇਖੇ ਗਏ ਹਨ। ਹਰਿੰਦਰ ਸਿੱਧੂ ਨੂੰ ਪਟਿਆਲਾ ਤੋਂ ਚੰਡੀਗੜ੍ਹ ਡੈਪੂਟੇਸ਼ਨ 'ਤੇ ਭੇਜਿਆ ਗਿਆ ਹੈ। ਤਰਨਤਾਰਨ ਦੇ ਬਿੰਦਰਾ ਸਿੰਘ ਨੂੰ ਫਾਜ਼ਿਲਕਾ ਤੋਂ ਰੂਪਨਗਰ ਵਿਚ ਪੋਕਸੋ ਅਤੇ ਜਬਰ ਜਨਾਹ ਮਾਮਲਿਆਂ ਦੀ ਵਿਸ਼ੇਸ਼ ਕੋਰਟ ਵਿਚ ਨਿਯੁਕਤ ਕੀਤਾ ਗਿਆ ਹੈ। ਜਸਵਿੰਦਰ ਸਿੰਘ-1 ਨੂੰ ਜਲੰਧਰ ਵਿਚ ਨਵੇਂ ਬਣੇ ਵਿਸ਼ੇਸ਼ ਐਨਆਰਆਈ ਕੋਰਟ ਵਿਚ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗੁਰਮੋਹਨ ਸਿੰਘ, ਅਵਤਾਰ ਸਿੰਘ ਬਰੜਾ, ਬਲਵਿੰਦਰ ਕੁਮਾਰ-ਦੋ ਅਤੇ ਰਵੀਇੰਦਰ ਕੌਰ ਸੰਧੂ ਸਮੇਤ ਕਈ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
ਹਾਈ ਕੋਰਟ ਨੇ ਵਿਸ਼ੇਸ਼ ਕੋਰਟਾਂ ਨੂੰ ਵੀ ਮਜ਼ਬੂਤ ਕਰਦੇ ਹੋਏ ਕਈ ਜ਼ਿਲ੍ਹਆਂ ਵਿਚ ਐੱਨਆਰਆਈ ਕੋਰਟ ਸਥਾਪਿਤ ਕੀਤੇ ਹਨ। ਕਪੂਰਥਲਾ ਵਿਚ ਰਸ਼ਮੀ ਕਪਿਲਾ, ਹੁਸ਼ਿਆਰਪੁਰ ਵਿਚ ਮਨਦੀਪ ਮਿੱਤਲ ਅਤੇ ਐਸਏਐਸ ਨਗਰ (ਮੋਹਾਲੀ) ਵਿਚ ਹਰਦੀਪ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਮੋਹਾਲੀ ਵਿਚ ਐੱਨਆਈਏ ਮਾਮਲਿਆਂ ਲਈ ਵਿਸ਼ੇਸ਼ ਕੋਰਟ ਦੀ ਸਥਾਪਨਾ ਵੀ ਇਸ ਬਦਲਾਅ ਦਾ ਮਹੱਤਵਪੂਰਨ ਹਿੱਸਾ ਹੈ।
ਹੋਰ ਤਬਾਦਲਿਆਂ ਵਿਚ ਆਸ਼ੀਸ਼ ਅਬਰੋਲ ਨੂੰ ਬਠਿੰਡਾ ਤੋਂ ਲੁਧਿਆਣਾ ਦੇ ਜਬਰ ਜਨਾਹ ਕੇਸ ਫਾਸਟ ਟਰੈਕ ਕੋਰਟ, ਗੁਰਪ੍ਰਤਾਪ ਸਿੰਘ ਨੂੰ ਲੁਧਿਆਣਾ ਤੋਂ ਸੰਗਰੂਰ, ਅਮਨਦੀਪ ਕੌਰ ਨੂੰ ਲੁਧਿਆਣਾ ਤੋਂ ਪਟਿਆਲਾ, ਮੋਹਿਤ ਬਾਂਸਲ ਨੂੰ ਰੂਪਨਗਰ ਤੋਂ ਗੁਰਦਾਸਪੁਰ ਅਤੇ ਅਮਿਤਾ ਸਿੰਘ ਨੂੰ ਮੁਕਤਸਰ ਤੋਂ ਜਲੰਧਰ ਫੈਮਿਲੀ ਕੋਰਟ ਭੇਜਿਆ ਗਿਆ ਹੈ। ਇਸੇ ਤਰ੍ਹਾਂ ਹਰਗੁਰਜੀਤ ਕੌਰ, ਰਮਨ ਗੋਕਲੇਨੀ, ਹਰਸਿਮਰਨਜੀਤ ਸਿੰਘ, ਵਿਨੀਤ ਨਾਰੰਗ, ਰਵੀ ਗੁਲਾਟੀ, ਮਹੇਸ਼ ਗਰੋਵਰ, ਸੁਸ਼ਮਾ ਦੇਵੀ, ਸੁਮਿਤ ਭੱਲਾ, ਅਤੁਲ ਕੰਬੋਜ, ਪਰਮਿੰਦਰ ਕੌਰ, ਨਵਦੀਪ ਕੌਰ ਗਿੱਲ ਅਤੇ ਰਾਧਿਕਾ ਪੂਰੀ ਸਮੇਤ ਹੋਰ ਅਧਿਕਾਰੀਆਂ ਦੇ ਵੀ ਮਹੱਤਵਪੂਰਨ ਤਬਾਦਲੇ ਕੀਤੇ ਗਏ ਹਨ।