ਪ੍ਰਾਜੈਕਟ ਜੀਵਨਜੋਤ-02 ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਚੈਕਿੰਗ ਮੁਹਿੰਮ ਜਾਰੀ
ਪ੍ਰੋਜੈਕਟ ਜੀਵਨਜੋਤ-02 ਤਹਿਤ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਚੈਕਿੰਗ ਦੀ ਮੁਹਿੰਮ ਜਾਰੀ
Publish Date: Wed, 10 Dec 2025 04:56 PM (IST)
Updated Date: Wed, 10 Dec 2025 04:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਰੀਦਕੋਟ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਅਮਨਦੀਪ ਸਿੰਘ ਸੋਢੀ ਦੀ ਯੋਗ ਅਗਵਾਈ ਵਿੱਚ ਪ੍ਰੋਟੈਕਸ਼ਨ ਅਫਸਰ ਆਈਸੀ ਸੁਖਮੰਦਰ ਸਿੰਘ ਅਤੇ ਟੀਮ ਵੱਲੋਂ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਭੀਖ ਮੰਗਦੇ ਬੱਚਿਆਂ/ਰੈਗ ਪਿਕਿੰਗ ਕਰਦੇ ਬੱਚਿਆਂ ਨੂੰ ਰੈਸਕਿਊ ਕਰਨ ਲਈ ਫਰੀਦਕੋਟ ਵਿਖੇ ਵੱਖ-ਵੱਖ ਥਾਵਾਂ ਜਿਵੇਂ ਚਹਿਲ ਫਾਟਕ, ਨੇੜੇ ਬ੍ਰਿਜਿੰਦਰਾ ਕਾਲਜ, ਬੱਸ ਸਟੈਂਡ, ਸਰਕੂਲਰ ਰੋਡ, ਮੇਨ ਬਾਜ਼ਾਰ, ਟਿੱਲਾ ਬਾਬਾ ਫਰੀਦ ਜੀ, ਫਿਰੋਜ਼ਪੁਰ ਰੋਡ, ਗਿਆਨੀ ਜੈਲ ਸਿੰਘ ਮਾਰਕੀਟ, ਨੇੜੇ ਮੈਡੀਕਲ ਕਾਲਜ ਆਦਿ ਥਾਵਾਂ ’ਤੇ ਚੈਕਿੰਗ ਕੀਤੀ ਗਈ। ਭਵਿੱਖ ਵਿੱਚ ਵੀ ਇਹ ਚੈਕਿੰਗਾਂ ਜਾਰੀ ਰਹਿਣਗੀਆਂ ਦਾ ਸੁਨੇਹਾ ਦਿੰਦਿਆਂ ਸਲੱਮ ਏਰੀਏ ਵਿੱਚ ਅਵੇਅਰਨੈੱਸ ਦੌਰਾਨ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਭੀਖ ਮੰਗਣਾ ਅਤੇ ਬੱਚਿਆਂ ਤੋਂ ਭਿੱਖਿਆ ਮੰਗਵਾਉਣਾ ਕਾਨੂੰਨੀ ਜੁਰਮ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਨ ਲਈ ਸਕੂਲ ਭੇਜਣਾ ਚਾਹੀਦਾ ਹੈ ਤਾਂ ਜੋ ਪੜ੍ਹ ਲਿਖ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ ਤਾਂ ਜੋ ਭਵਿੱਖ ਨੂੰ ਸੰਵਾਰਿਆ ਜਾ ਸਕੇ। ਉਨ੍ਹਾਂ ਜਾਣਕਾਰੀ ਦਿੱਤੀ ਗਈ ਕਿ ਬਾਲ ਭਿੱਖਿਆ ਕਰਵਾਉਣ ਵਾਲੇ ਵਿਅਕਤੀ ਖ਼ਿਲਾਫ਼ ਜੁਵੇਨਾਇਲ ਜਸਟਿਸ ਐਕਟ ਦੇ ਸੈਕਸ਼ਨ 76 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਦੌਰਾਨ ਪੁਲਿਸ ਵਿਭਾਗ, ਚਾਈਲਡ ਲਾਈਨ(1098) ਟੀਮ ਤੋਂ ਗੁਰਪ੍ਰੀਤ ਸਿੰਘ ਕੇਸ ਵਰਕਰ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਰਮਨਪ੍ਰੀਤ ਕੌਰ ਬਰਾੜ ਸੋਸ਼ਲ ਵਰਕਰ ਅਤੇ ਨੇਹਾ ਰਾਣੀ ਆਊਟਰੀਚ ਵਰਕਰ ਆਦਿ ਹਾਜ਼ਰ ਸਨ।