ਅਕਾਲੀ ਦਲ ਨਾਲ ਸਮਝੌਤੇ ਦੇ ਮੂਡ ’ਚ ਨਹੀਂ ਭਾਜਪਾ, ਇਕੱਲੇ ਲੜ ਸਕਦੀ ਹੈ ਚੋਣਾਂ; ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਸੰਕੇਤ
ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ’ਚ ਗਠਜੋੜ ਦੀਆਂ ਚਰਚਾਵਾਂ ’ਤੇ ਕੈਪਟਨ ਨੇ ਕਿਹਾ ਕਿ ਭਾਜਪਾ ਜਿਸ ਤਰ੍ਹਾਂ ਪੰਜਾਬ ’ਚ ਅੱਗੇ ਵਧ ਰਹੀ ਹੈ, ਸੰਭਵ ਹੈ ਇਸ ਦੀ (ਗਠਜੋੜ) ਦੀ ਜ਼ਰੂਰਤ ਨਾ ਪਵੇ। ਪਾਰਟੀ ਇਕੱਲੇ ਹੀ ਚੋਣਾਂ ਲੜ ਸਕਦੀ ਹੈ। ਇੰਗਲੈਂਡ ’ਚ ਰੀੜ੍ਹ ਦੀ ਹੱਡੀ ਦਾ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਲੰਬੇ ਸਮੇਂ ਤੋਂ ਸਿਹਤਲਾਭ ਲੈ ਰਹੇ ਕੈਪਟਨ ਵੀਰਵਾਰ ਨੂੰ ਫ਼ਰੀਦਕੋਟ ਦੇ ਆਫਿਸਰਸ ਕਲੱਬ ’ਚ ਪੁੱਜੇ।
Publish Date: Fri, 31 Oct 2025 09:43 AM (IST)
Updated Date: Fri, 31 Oct 2025 09:45 AM (IST)
ਪੰਜਾਬੀ ਜਾਗਰਣ ਟੀਮ, ਫ਼ਰੀਦਕੋਟ/ਮੋਗਾ : ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਨੂੰ ਇਸ ਸਮੇਂ ਭਾਜਪਾ ਦੀ ਅਗਵਾਈ ਦੀ ਜ਼ਰੂਰਤ ਹੈ। ਲੋਕਾਂ ਨੂੰ ਵੀ ਲੱਗਣ ਲੱਗਿਆ ਹੈ ਕਿ ਸੂਬੇ ਦਾ ਹਿੱਤ ਭਾਜਪਾ ਦੇ ਹੱਥਾਂ ’ਚ ਹੀ ਸੁਰੱਖਿਅਤ ਹੈ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ’ਚ ਗਠਜੋੜ ਦੀਆਂ ਚਰਚਾਵਾਂ ’ਤੇ ਕੈਪਟਨ ਨੇ ਕਿਹਾ ਕਿ ਭਾਜਪਾ ਜਿਸ ਤਰ੍ਹਾਂ ਪੰਜਾਬ ’ਚ ਅੱਗੇ ਵਧ ਰਹੀ ਹੈ, ਸੰਭਵ ਹੈ ਇਸ ਦੀ (ਗਠਜੋੜ) ਦੀ ਜ਼ਰੂਰਤ ਨਾ ਪਵੇ। ਪਾਰਟੀ ਇਕੱਲੇ ਹੀ ਚੋਣਾਂ ਲੜ ਸਕਦੀ ਹੈ। ਇੰਗਲੈਂਡ ’ਚ ਰੀੜ੍ਹ ਦੀ ਹੱਡੀ ਦਾ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਲੰਬੇ ਸਮੇਂ ਤੋਂ ਸਿਹਤਲਾਭ ਲੈ ਰਹੇ ਕੈਪਟਨ ਵੀਰਵਾਰ ਨੂੰ ਫ਼ਰੀਦਕੋਟ ਦੇ ਆਫਿਸਰਸ ਕਲੱਬ ’ਚ ਪੁੱਜੇ। ਇੱਥੇ ਉਨ੍ਹਾਂ ਆਪਣੇ ਸਾਬਕਾ ਓਐੱਸਡੀ ਸੰਦੀਪ ਸਿੰਘ ਸੰਨੀ ਬਰਾੜ ਨੂੰ ਭਾਜਪਾ ’ਚ ਸ਼ਾਮਲ ਕਰਵਾਉਣ ਤੋਂ ਬਾਅਦ ਉਹ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। 
 ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਬਦਲਾਅ ਦੀ ਅਸਲੀਅਤ ਸਮਝ ਆ ਚੁੱਕੀ ਹੈ। ਇਹੀ ਕਾਰਨ ਹੈ ਕਿ ਲੋਕ ਬਦਲਾਅ ਲਈ ਸੋਚਣ ਲੱਗੇ ਹਨ। ਉਨ੍ਹਾਂ ਕਿਹਾ ਕਿ ਪੰਡਿਤ ਨਹਿਰੂ ਤੋਂ ਲੈਕੇ ਹੁਣ ਤੱਕ ਨਰਿੰਦਰ ਮੋਦੀ ਦੇਸ਼ ਦੇ ਬੈਸਟ ਪ੍ਰਧਾਨ ਮੰਤਰੀ ਹਨ। ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਕਾਰਨ ਦੇਸ਼ ਵੀ ਵਿਕਾਸ ਦੇ ਰਾਹ ’ਤੇ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਕਿਹਾ ਕਿ ਭਾਜਪਾ ਦਾ ਮੁੱਦਾ ਸਿਰਫ਼ ਰੁਜ਼ਗਾਰ ਤੇ ਵਿਕਾਸ ਹੋਵੇਗਾ। ਉਹ ਪੰਜਾਬ ਤੋਂ ਨਸ਼ਾ ਤੇ ਗੈਂਗਸਟਰਵਾਦ ਆਦਿ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਜੋ ਪੰਜਾਬ ਦਾ ਖ਼ੁਸ਼ਹਾਲ ਸੂਬਾ ਬਣ ਸਕੇ।