ਧੁੰਦ ਦੇ ਕਹਿਰ ਤੋਂ ਬਚਾਅ ਲਈ ਜ਼ੀਰਕਪੁਰ ਟ੍ਰੈਫਿਕ ਪੁਲਿਸ ਦੀ ਖ਼ਾਸ ਮੁਹਿੰਮ, ਵਾਹਨਾਂ 'ਤੇ ਲਾਏ ਰਿਫਲੈਕਟਰ
ਧੁੰਦ ਦੇ ਕਹਿਰ ਤੋਂ ਬਚਾਅ ਲਈ ਜ਼ੀਰਕਪੁਰ ਟ੍ਰੈਫਿਕ ਪੁਲਿਸ ਦੀ ਖ਼ਾਸ ਮੁਹਿੰਮ,
Publish Date: Fri, 09 Jan 2026 08:38 PM (IST)
Updated Date: Fri, 09 Jan 2026 08:42 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਸਰਦੀਆਂ ਦੇ ਮੌਸਮ ਵਿਚ ਪੈ ਰਹੀ ਸੰਘਣੀ ਧੁੰਦ ਕਾਰਨ ਘੱਟ ਰਹੀ ਦ੍ਰਿਸ਼ਟੀ ਨੂੰ ਧਿਆਨ ਵਿਚ ਰੱਖਦੇ ਹੋਏ ਜ਼ੀਰਕਪੁਰ ਟ੍ਰੈਫਿਕ ਪੁਲਿਸ ਵੱਲੋਂ ਸ਼ੁੱਕਰਵਾਰ ਨੂੰ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਤਹਿਤ ਟ੍ਰੈਫਿਕ ਪੁਲਿਸ ਦੀਆਂ ਟੀਮਾਂ ਨੇ ਸ਼ਹਿਰ ਦੇ ਰਾਸ਼ਟਰੀ ਰਾਜਮਾਰਗਾਂ ਅਤੇ ਮੁੱਖ ਚੌਰਾਹਿਆਂ ਤੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਤੇ ਰਿਫਲੈਕਟਿਵ ਟੇਪ ਅਤੇ ਰਿਫਲੈਕਟਰ ਲਗਾਏ। ਟ੍ਰੈਫਿਕ ਪੁਲਿਸ ਵੱਲੋਂ ਲਗਭਗ 50 ਵਾਹਨਾਂ ਨੂੰ ਇਸ ਮੁਹਿੰਮ ਦੌਰਾਨ ਸੁਰੱਖਿਅਤ ਬਣਾਇਆ ਗਿਆ, ਜਿਨ੍ਹਾਂ ਵਿਚ ਕਾਰਾਂ, ਜੀਪਾਂ, ਆਟੋ ਰਿਕਸ਼ਾ ਅਤੇ ਭਾਰੀ ਵਾਹਨ ਜਿਵੇਂ ਟਰੱਕ ਆਦਿ ਸ਼ਾਮਲ ਸਨ। ਟ੍ਰੈਫਿਕ ਅਧਿਕਾਰੀਆਂ ਨੇ ਦੱਸਿਆ ਕਿ ਸਰਦੀਆਂ ਵਿਚ ਧੁੰਦ ਦ੍ਰਿਸ਼ਟੀ ਨੂੰ ਕਾਫ਼ੀ ਹੱਦ ਤੱਕ ਘਟਾ ਦਿੰਦੀ ਹੈ, ਜਿਸ ਕਾਰਨ ਸੜਕ ਤੇ ਖੜ੍ਹੇ ਜਾਂ ਹੌਲੀ ਗਤੀ ਨਾਲ ਚੱਲ ਰਹੇ ਵਾਹਨ ਪਿੱਛੇ ਤੋਂ ਆ ਰਹੇ ਡਰਾਈਵਰਾਂ ਨੂੰ ਸਮੇਂ ਤੇ ਨਜ਼ਰ ਨਹੀਂ ਆਉਂਦੇ। ਅਜਿਹੀ ਸਥਿਤੀ ਵਿਚ ਰਿਫਲੈਕਟਰ ਇਕ ਮਹੱਤਵਪੂਰਨ ਸੁਰੱਖਿਆ ਉਪਕਰਣ ਸਾਬਤ ਹੁੰਦੇ ਹਨ। ਪੁਲਿਸ ਅਧਿਕਾਰੀਆਂ ਮੁਤਾਬਕ, ਜਦੋਂ ਕਿਸੇ ਹੋਰ ਵਾਹਨ ਦੀ ਹੈਡਲਾਈਟ ਦੀ ਰੌਸ਼ਨੀ ਰਿਫਲੈਕਟਰਾਂ ਤੇ ਪੈਂਦੀ ਹੈ ਤਾਂ ਇਹ ਤੁਰੰਤ ਚਮਕ ਉਠਦੇ ਹਨ ਅਤੇ ਦੂਰੋਂ ਹੀ ਵਾਹਨ ਦੀ ਮੌਜੂਦਗੀ ਬਾਰੇ ਸੰਕੇਤ ਦੇ ਦਿੰਦੇ ਹਨ, ਜਿਸ ਨਾਲ ਟੱਕਰ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ। ਇਸ ਮੌਕੇ ਟ੍ਰੈਫਿਕ ਇੰਚਾਰਜ ਮਨਫੂਲ ਸਿੰਘ ਨੇ ਵਾਹਨ ਚਾਲਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਵਾਹਨਾਂ ਦੀ ਰੌਸ਼ਨੀ ਪ੍ਰਣਾਲੀ, ਬਰੇਕ ਲਾਈਟਾਂ ਅਤੇ ਰਿਫਲੈਕਟਰਾਂ ਨੂੰ ਹਮੇਸ਼ਾਂ ਠੀਕ ਹਾਲਤ ਵਿਚ ਰੱਖਿਆ ਜਾਵੇ। ਉਨ੍ਹਾਂ ਕਿਹਾ, ਅਕਸਰ ਰਿਫਲੈਕਟਰ ਦੀ ਕਮੀ ਵੱਡੇ ਹਾਦਸਿਆਂ ਦਾ ਕਾਰਨ ਬਣ ਜਾਂਦੀ ਹੈ। ਸਾਡਾ ਟੀਚਾ ਦੁਰਘਟਨਾਵਾਂ ’ਤੇ ਠੱਲ ਪਾਊਣਾ ਹੈ, ਪਰ ਇਸ ਲਈ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ।