ਜ਼ੀਰਕਪੁਰ ਦੇ ਸੈਨਟਰੀ ਇੰਸਪੈਕਟਰ ਰਣਜੀਤ ਕੁਮਾਰ ਸਨਮਾਨਿਤ
ਜ਼ੀਰਕਪੁਰ ਦੇ ਸੈਨਟਰੀ ਇੰਸਪੈਕਟਰ ਰਣਜੀਤ ਕੁਮਾਰ ਸਨਮਾਨਿਤ
Publish Date: Tue, 30 Dec 2025 08:42 PM (IST)
Updated Date: Tue, 30 Dec 2025 08:44 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਸ੍ਰੀ ਅਨੰਦਪੁਰ ਸਾਹਿਬ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਦੌਰਾਨ ਲੱਖਾਂ ਦੀ ਗਿਣਤੀ ਵਿਚ ਪੁੱਜੀ ਸੰਗਤ ਲਈ ਬਿਹਤਰ, ਸੁਚੱਜੇ ਅਤੇ ਲਗਾਤਾਰ ਸਾਫ਼-ਸਫ਼ਾਈ ਪ੍ਰਬੰਧ ਯਕੀਨੀ ਬਣਾਉਣ ਤੇ ਜ਼ੀਰਕਪੁਰ ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਰਣਜੀਤ ਕੁਮਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸੈਨਟਰੀ ਇੰਸਪੈਕਟਰ ਰਣਜੀਤ ਕੁਮਾਰ ਨੂੰ ਸਨਮਾਨਿਤ ਕੀਤੇ ਜਾਣ ’ਤੇ ਜ਼ੀਰਕਪੁਰ ਨਗਰ ਕੌਂਸਲ ਦੇ ਸਫ਼ਾਈ ਵਿੰਗ ਵਿਚ ਭਾਰੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਡੀਸੀ ਰੋਪੜ ਵਰਜੀਤ ਸਿੰਘ ਵਾਲੀਆ ਨੇ ਇਕ ਵਿਸ਼ੇਸ਼ ਸਮਾਗਮ ਦੌਰਾਨ ਕੀਤੇ ਗਏ ਸਾਫ਼-ਸਫ਼ਾਈ ਪ੍ਰਬੰਧਾਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇੰਨੇ ਵੱਡੇ ਧਾਰਮਿਕ ਸਮਾਗਮ ਵਿਚ ਸੰਗਤ ਦੀ ਸਹੂਲਤ ਅਤੇ ਸਫ਼ਾਈ ਬਰਕਰਾਰ ਰੱਖਣਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਜਿਸ ਨੂੰ ਰਣਜੀਤ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਮੁਸਤੈਦੀ ਨਾਲ ਨਿਭਾਇਆ। ਸਮਾਗਮ ਦੌਰਾਨ ਮੁੱਖ ਸਟੇਜ ਇਲਾਕਿਆਂ, ਲੰਗਰ ਸਥਾਨਾਂ, ਪਾਰਕਿੰਗ ਥਾਵਾਂ, ਸੰਗਤ ਦੀ ਆਵਾਜਾਈ ਵਾਲੇ ਰਾਹਾਂ ਅਤੇ ਸਰਵਜਨਿਕ ਥਾਵਾਂ ਤੇ ਦਿਨ-ਰਾਤ ਸਫ਼ਾਈ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ। ਕੂੜਾ ਤੁਰੰਤ ਇਕੱਤਰ ਕਰਕੇ ਨਿਯਮਤ ਤੌਰ ਤੇ ਨਿਪਟਾਰਾ ਕੀਤਾ ਗਿਆ, ਜਦਕਿ ਇਸ ਦੌਰਾਨ ਆਵਾਰਾ ਪਸ਼ੂਆਂ ਨੂੰ ਸਮਾਗਮ ਤੋਂ ਦੂਰ ਰੱਖਣ ਤੇ ਵੀ ਖ਼ਾਸ ਧਿਆਨ ਦਿੱਤਾ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਸਾਫ਼-ਸਫ਼ਾਈ ਪ੍ਰਬੰਧਾਂ ਕਾਰਨ ਸਮਾਗਮ ਦੌਰਾਨ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨਾ ਪਿਆ, ਜਿਸ ਨਾਲ ਸਮਾਗਮ ਦੀ ਸ਼ਾਨ ਅਤੇ ਧਾਰਮਿਕ ਮਰਿਆਦਾ ਬਣੀ ਰਹੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਰਣਜੀਤ ਕੁਮਾਰ ਵਰਗੇ ਅਫ਼ਸਰ ਤੋਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੀ ਜ਼ਿੰਮੇਵਾਰ ਅਤੇ ਸਮਰਪਿਤ ਸੇਵਾ ਦੀ ਉਮੀਦ ਕੀਤੀ ਜਾਂਦੀ ਰਹੇਗੀ। ਸਨਮਾਨ ਮਿਲਣ ’ਤੇ ਸੈਨਟਰੀ ਇੰਸਪੈਕਟਰ ਰਣਜੀਤ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇੰਨੇ ਵੱਡੇ ਸਮਾਗਮ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ’ਤੇ ਭਰੋਸਾ ਕਰਕੇ ਜੋ ਡਿਊਟੀ ਲਗਾਈ ਗਈ ਸੀ, ਉਨ੍ਹਾਂ ਵੱਲੋਂ ਉਸ ’ਤੇ ਪੂਰਾ ਉਤਰਨ ਦੀ ਕੋਸ਼ਿਸ਼ ਕੀਤੀ ਗਈ ਹੈ।