ਮਹਿਲਾ ਕਮਿਸ਼ਨ ਦੀ ਕਾਰਵਾਈ: ਸੁਖਪਾਲ ਖਹਿਰਾ ਨੂੰ ਜਵਾਬ ਲਈ ਮਿਲਿਆ ਹਫ਼ਤੇ ਦਾ ਸਮਾਂ; ਹੁਣ CM ਭਗਵੰਤ ਮਾਨ ਖ਼ਿਲਾਫ਼ ਵੀ ਪਹੁੰਚੀ ਸ਼ਿਕਾਇਤ
ਇਸ ਸਬੰਧੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ਼ ਲਿਖਤੀ ਸ਼ਿਕਾਇਤ ਰਾਜ ਮਹਿਲਾ ਕਮਿਸ਼ਨ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਜਲਦ ਹੀ ਪੰਜਾਬ ਰਾਜ ਮਹਿਲਾ ਕਮਿਸ਼ਨ ਇਸ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਕਰਨਗੇ।
Publish Date: Fri, 13 Mar 2026 09:31 AM (IST)
Updated Date: Fri, 13 Mar 2026 09:35 AM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ: ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਐਡਵੋਕੇਟ ਮਹਿਤਾਬ ਸਿੰਘ ਖਹਿਰਾ ਅਤੇ ਐਡਵੋਕੇਟ ਕੰਵਰ ਸਿੱਧੂ ਵੀਰਵਾਰ ਸਵੇਰੇ ਮੁਹਾਲੀ ਵਿਖੇ ਸਥਿਤ ਪੰਜਾਬ ਰਾਜ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਏ ਅਤੇ ਵਿਧਾਇਕ ਖਹਿਰਾ ਤਰਫੋਂ ਪੱਖ ਰੱਖਿਆ ਗਿਆ। ਮਹਿਲਾ ਕਮਿਸ਼ਨ ਦੇ ਦਫ਼ਤਰ ਦਾ ਬਾਹਰ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਮਹਿਲਾ ਕਮਿਸ਼ਨ ਤੋਂ ਇਕ ਹਫ਼ਤੇ ਦਾ ਸਮਾਂ ਜਵਾਬ ਦੇਣ ਲਈ ਮੰਗਿਆ ਗਿਆ ਸੀ, ਜੋ ਉਨ੍ਹਾਂ ਦੇ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਲੀਲ ਦਿੱਤੀ ਗਈ ਹੈ ਕਿ ਐੱਸਐੱਸਪੀ ਕਪੂਰਥਲਾ ਨੂੰ ਨੋਟਿਸ ਭੇਜ ਕੇ ਵਿਧਾਇਕ ਖਹਿਰਾ ਦੀ ਸਟੇਟਸ ਰਿਪੋਰਟ ਮੰਗੀ ਗਈ ਹੈ, ਜਦਕਿ ਵਿਧਾਇਕ ਖਹਿਰਾ ਨੂੰ ਸਿੱਧਾ ਕੋਈ ਨੋਟਿਸ ਨਹੀਂ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਸੋਸ਼ਲ ਮੀਡੀਆ ’ਤੇ ਜਾਰੀ ਨੋਟਿਸ ਨੂੰ ਪੜ੍ਹ ਕੇ ਅੱਜ ਪੱਖ ਰੱਖਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਮਹਿਲਾ ਰਾਜ ਕਮਿਸ਼ਨ ਤੋਂ ਐੱਸਐੱਸਪੀ ਕਪੂਰਥਲਾ ਦੀ ਸਟੇਟਸ ਰਿਪੋਰਟ ਦੀ ਕਾਪੀ ਮੰਗੀ ਗਈ ਸੀ, ਜਿਸ ਤੋਂ ਬਾਅਦ ਮਹਿਲਾ ਰਾਜ ਕਮਿਸ਼ਨ ਵੱਲੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਆਪਣਾ ਜਵਾਬ ਦਾਖ਼ਲ ਕਰਨ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਡਵੋਕੇਟ ਮਹਿਤਾਬ ਸਿੰਘ ਖਹਿਰਾ, ਕਿਰਨਜੀਤ ਸਿੰਘ ਸੰਧੂ ਪ੍ਰਧਾਨ ਕਿਸਾਨ ਕਾਂਗਰਸ ਪੰਜਾਬ, ਮੈਡਮ ਸੋਨੀਆ ਜੈਸਵਾਲ ਫ਼ਿਰੋਜਪੁਰ ਜਨਰਲ ਸਕੱਤਰ ਪੰਜਾਬ ਕਿਸਾਨ ਸੈੱਲ ਨੇ ਦੱਸਿਆ ਕਿ ਅੱਜ ਉਹ ਇਕ ਹੋਰ ਮਾਮਲੇ ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕ ਸਮਾਗਮ ਵਿਚ ਬੋਲਦਿਆਂ ਹੋਇਆਂ ਆਪਣੇ ਕਾਲਜ ਸਮੇਂ ਦੀ ਗੱਲ ਕਰਦਿਆਂ ਮਹਿਲਾਵਾਂ ਸਬੰਧੀ ਅਪਸ਼ਬਦ ਬੋਲੇ ਗਏ ਸਨ। ਇਸ ਸਬੰਧੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ਼ ਲਿਖਤੀ ਸ਼ਿਕਾਇਤ ਰਾਜ ਮਹਿਲਾ ਕਮਿਸ਼ਨ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਜਲਦ ਹੀ ਪੰਜਾਬ ਰਾਜ ਮਹਿਲਾ ਕਮਿਸ਼ਨ ਇਸ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਕਰਨਗੇ।