ਸੜਕ ਹਾਦਸੇ ਦੌਰਾਨ ਮਹਿਲਾ ਜ਼ਖ਼ਮੀ, ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ
ਸੜਕ ਹਾਦਸੇ ਦੌਰਾਨ ਮਹਿਲਾ ਜ਼ਖ਼ਮੀ-ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ
Publish Date: Sat, 10 Jan 2026 08:50 PM (IST)
Updated Date: Sat, 10 Jan 2026 08:51 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ-ਪੰਚਕੂਲਾ ਸੜਕ ’ਤੇ ਇਕ ਕਰੇਟਾ ਕਾਰ ਦੀ ਟੱਕਰ ਵੱਜਣ ਨਾਲ ਇਕ ਸਕੂਟਰ ਚਾਲਕ ਔਰਤ ਜ਼ਖ਼ਮੀ ਹੋ ਗਈ। ਜ਼ਖ਼ਮੀ ਔਰਤ ਨੂੰ ਪਹਿਲਾਂ ਇਕ ਨਿੱਜੀ ਹਸਪਤਾਲ ਅਤੇ ਬਾਅਦ ਵਿਚ ਸਿਹਤ ਖ਼ਰਾਬ ਹੋਣ ਕਾਰਨ ਇਲਾਜ ਲਈ ਕਮਾਂਡ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਹਾਦਸੇ ਲਈ ਕਥਿਤ ਦੋਸ਼ੀ ਕਰੇਟਾ ਕਾਰ ਦੇ ਚਾਲਕ ਰਿਤਿਕ ਵਾਸੀ ਦਿੱਲੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੁਸ਼ਪਿੰਦਰ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਚੰਡੀਗੜ੍ਹ ਰਾਇਲ ਸਿਟੀ ਬਨੂੜ ਨੇ ਦੱਸਿਆ ਕਿ ਤਿੰਨ ਜਨਵਰੀ ਨੂੰ ਉਹ ਆਪਣੇ ਜੁਪੀਟਰ ਸਕੂਟਰ ’ਤੇ ਸਵਾਰ ਹੋ ਕੇ ਪੰਚਕੂਲਾ ਵੱਲ ਤੋਂ ਆਪਣੇ ਘਰ ਜਾ ਰਹੀ ਸੀ, ਇਸ ਦੌਰਾਨ ਜਦੋਂ ਉਹ ਸੋਹੀ ਬੈਂਕਟ ਹਾਲ ਦੇ ਸਾਹਮਣੇ ਪੁੱਜੀ ਤਾਂ ਪਿੱਛੋਂ ਆ ਰਹੀ ਇਕ ਕਰੇਟਾ ਕਾਰ ਦੇ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸਨੂੰ ਘੜੀਸਦਾ ਹੋਇਆ ਕਾਫ਼ੀ ਦੂਰ ਤੱਕ ਨਾਲ ਲੈ ਗਿਆ। ਉਸਨੇ ਦੱਸਿਆ ਕਿ ਮੌਕੇ ’ਤੇ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਕਰੇਟਾ ਚਾਲਕ ਉਸ ਨੂੰ ਇਲਾਜ ਲਈ ਸਥਾਨਕ ਜੇਪੀ ਹਸਪਤਾਲ ਵਿਖੇ ਲੈ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਸ਼ਾਮ ਵੇਲੇ ਛੁੱਟੀ ਦੇ ਦਿੱਤੀ ਗਈ। ਉਸ ਨੇ ਦੱਸਿਆ ਕਿ ਉਸ ਦੀਆਂ ਸੱਟਾਂ ਗੰਭੀਰ ਹੋਣ ਕਾਰਨ ਉਸ ਨੂੰ ਮੁੜ ਕਮਾਂਡ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਉਸ ਨੇ ਦੱਸਿਆ ਕਿ ਇਸ ਦੌਰਾਨ ਕਰੇਟਾ ਚਾਲਕ ਨਾਲ ਉਨ੍ਹਾਂ ਦੀ ਸਮਝੌਤੇ ਦੀ ਗੱਲ ਚਲਦੀ ਰਹੀ, ਜੋ ਸਿਰੇ ਨਹੀਂ ਚੜ੍ਹ ਸਕੀ। ਪੁਲਿਸ ਨੇ ਜ਼ਖ਼ਮੀ ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ ਕਰੇਟਾ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।