ਟਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਵੱਲੋਂ ਇੰਡਸਟਰੀਅਲ ਫੋਕਲ ਪੁਆਇੰਟ ਦਾ ਦੌਰਾ
ਟਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਵੱਲੋਂ ਇੰਡਸਟਰੀਅਲ ਫੋਕਲ ਪੁਆਇੰਟ ਦਾ ਦੌਰਾ;
Publish Date: Sat, 06 Dec 2025 05:43 PM (IST)
Updated Date: Sat, 06 Dec 2025 05:45 PM (IST)

ਨਾਗਰਿਕ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਨਾਲ ਜੁੜੇ ਮਸਲਿਆਂ ਦੀ ਕੀਤੀ ਸਮੀਖਿਆ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਕੁਰਾਲੀ : ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਚਨਾਲੋਂ ਇੰਡਸਟਰੀਅਲ ਫੋਕਲ ਪੁਆਇੰਟ ਦਾ ਦੌਰਾ ਕਰਕੇ ਇੱਥੋਂ ਦੀਆਂ ਨਗਰਿਕ ਸਹੂਲਤਾਂ, ਉਦਯੋਗਿਕ ਬੁਨਿਆਦੀ ਢਾਂਚੇ ਅਤੇ ਲੰਬੇ ਸਮੇਂ ਤੋਂ ਬਕਾਇਆ ਮਸਲਿਆਂ ਦੀ ਸਮੀਖਿਆ ਕੀਤੀ। ਦੌਰੇ ਦੌਰਾਨ ਉਨ੍ਹਾਂ ਨੇ ਉਦਯੋਗਿਕ ਐਸੋਸੀਏਸ਼ਨ ਵੱਲੋਂ ਚੁੱਕੇ ਗਏ ਪ੍ਰਮੁੱਖ ਮਸਲਿਆਂ ਦੇ ਸਮਾਂਬੱਧ ਨਿਪਟਾਰੇ ਲਈ ਸਬੰਧਤ ਵਿਭਾਗਾਂ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਸ਼੍ਰੀ ਵਰਮਾ ਨੇ ਐੱਮਸੀ ਕੁਰਾਲੀ ਅਤੇ ਪੰਜਾਬ ਲਘੂ ਸਨਅਤੀ ਨਿਰਯਾਤ ਨਿਗਮ (ਪੀਐੱਸਆਈਈਸੀ) ਨੂੰ ਨਿਰਦੇਸ਼ ਦਿੱਤਾ ਕਿ ਸੀਵਰੇਜ ਸਫ਼ਾਈ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਇਸਦਾ ਪੱਕਾ ਹੱਲ ਕੀਤਾ ਜਾਵੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਰੱਦ ਕੀਤੇ ਉਦਯੋਗਿਕ ਪਲਾਟਾਂ ਦੀ ਦੁਬਾਰਾ ਅਲਾਟਮੈਂਟ ਪੀਐੱਸਆਈਈਸੀ ਵੱਲੋਂ ਪੂਰੀ ਤਰ੍ਹਾਂ ਮੈਰਿਟ ਆਧਾਰਿਤ ਤਰੀਕੇ ਨਾਲ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਉਦਯੋਗਿਕ ਇਲਾਕੇ ਦੇ ਵਾਤਾਵਰਨ ਨੂੰ ਸੁਧਾਰਨ ਲਈ ਗ੍ਰੀਨ ਬੈਲਟ ਦੀ ਸੰਭਾਲ ਸਬੰਧਤ ਵਿਭਾਗ ਵੱਲੋਂ ਕੀਤੀ ਜਾਵੇ ਜਾਂ ਇਸਦੇ ਪ੍ਰਬੰਧ ਦੀ ਜ਼ਿੰਮੇਵਾਰੀ ਉਦਯੋਗਿਕ ਐਸੋਸੀਏਸ਼ਨ ਨੂੰ ਸੌਂਪੀ ਜਾਵੇ ਤਾਂ ਜੋ ਇਸਦੀ ਸੁਚੱਜੇ ਢੰਗ ਨਾਲ ਦੇਖਭਾਲ ਹੋ ਸਕੇ। ਸ਼੍ਰੀ ਵਰਮਾ ਨੇ ਇੰਟਰਲਾਕਿੰਗ ਟਾਈਲਾਂ ਦੇ ਕੰਮ ਨੂੰ ਇਕ ਮਹੀਨੇ ਅੰਦਰ ਮੁਕੰਮਲ ਕਰਨ ਲਈ ਸਮਾਂ-ਸੀਮਾ ਨਿਰਧਾਰਤ ਕੀਤੀ ਪਰ ਨਾਲ ਹੀ ਕਿਹਾ ਕਿ ਇਹ ਕੰਮ ਤਦੋਂ ਹੀ ਸ਼ੁਰੂ ਕੀਤਾ ਜਾਵੇ, ਜਦੋਂ ਸਾਰੀਆਂ ਸੀਵਰੇਜ ਸਬੰਧੀ ਸਮੱਸਿਆਵਾਂ ਪੂਰੀ ਤਰ੍ਹਾਂ ਠੀਕ ਹੋ ਜਾਣ। ਉਨ੍ਹਾਂ ਨੇ ਐੱਮਸੀ ਕੁਰਾਲੀ ਨੂੰ ਮੁੱਖ ਸੜਕ ’ਤੇ ਹੋਏ ਆਰਜ਼ੀ ਕਬਜ਼ਿਆਂ ਨੂੰ ਹਟਾ ਕੇ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਵੀ ਨਿਰਦੇਸ਼ਿਤ ਕੀਤਾ। ਦੌਰੇ ਦੌਰਾਨ ਰਾਮ ਸਰੂਪ ਸ਼ਰਮਾ, ਐੱਮਸੀ ਅਤੇ ਮੈਂਬਰ ਜ਼ਿਲ੍ਹਾ ਯੋਜਨਾ ਕਮੇਟੀ; ਸੁਰਿੰਦਰ ਸਿੰਘ, ਮੈਂਬਰ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਐਡਵਾਈਜ਼ਰੀ ਕਮੇਟੀ ਮੁਹਾਲੀ; ਗੁਰਮੇਲ ਸਿੰਘ, ਸਾਬਕਾ-ਐੱਮਸੀ; ਡਾ. ਸ਼ੇਖਰ ਜਿੰਦਲ, ਜਨਰਲ ਸਕੱਤਰ, ਚਨਾਲੋਂ ਇੰਡਸਟਰੀ ਐਸੋਸੀਏਸ਼ਨ; ਯਸ਼ਪਾਲ ਬਾਂਸਲ, ਪ੍ਰਧਾਨ ਕਰਿਆਨਾ ਐਸੋਸੀਏਸ਼ਨ; ਨਵਜੋਤ ਸਿੰਘ; ਅਤੇ ਕਾਰਜਕਾਰੀ ਮੈਂਬਰ ਸਾਹਿਲ ਧੀਮਾਨ ਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ। ਐਸੋਸੀਏਸ਼ਨ ਵੱਲੋਂ ਪਰਮਿੰਦਰ ਸਿੰਘ ਮਾਂਗਟ ਨੇ ਕਮਿਸ਼ਨ ਮੈਂਬਰ ਦਾ ਫੋਕਲ ਪੁਆਂਇੰਟ ਦੇ ਦੌਰੇ ਅਤੇ ਉਦਯੋਗ ਨਾਲ ਜੁੜੀਆਂ ਪ੍ਰਮੁੱਖ ਚਿੰਤਾਵਾਂ ਨੂੰ ਤਰਜੀਹ ਨਾਲ ਹੱਲ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਅਮਨਦੀਪ ਸਿੰਘ, ਕਾਰਜਕਾਰੀ ਇੰਜੀਨੀਅਰ, ਪੀਐੱਸਆਈਈਸੀ ਅਤੇ ਦਿਲਪ੍ਰੀਤ ਸਿੰਘ, ਜੇਈ; ਐੱਮਸੀ ਕੁਰਾਲੀ ਵੱਲੋਂ ਜੇਈਜ਼ ਜਸਵੰਤ ਸਿੰਘ ਅਤੇ ਅਸ਼ੋਕ ਵੀ ਮੌਜੂਦ ਸਨ। ਉਦਯੋਗਪਤੀਆਂ ਨੇ ਕਿਹਾ ਕਿ ਦੌਰੇ ਦੌਰਾਨ ਜਾਰੀ ਕੀਤੇ ਤੁਰੰਤ ਦਿਸ਼ਾ ਨਾਲ ਉਨ੍ਹਾਂ ਵਿਚ ਉਮੀਦ ਜਾਗੀ ਹੈ ਕਿ ਸਬੰਧਤ ਵਿਭਾਗ ਜਲਦੀ ਕਾਰਵਾਈ ਕਰਕੇ ਇਨ੍ਹਾਂ ਮਸਲਿਆਂ ਦਾ ਨਿਪਟਾਰਾ ਕਰਨਗੇ।