ਗੈਂਗ ਦੀ ਨਾਰਾਜ਼ਗੀ ਦੀ ਇਕ ਵਜ੍ਹਾ ਕਪਿਲ ਸ਼ਰਮਾ ਦਾ ਅਭਿਨੇਤਾ ਸਲਮਾਨ ਖਾਨ ਨਾਲ ਜੁੜਾਅ ਦੱਸਿਆ ਜਾ ਰਿਹਾ ਹੈ। ‘ਦ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਲਾਂਚ 'ਤੇ ਸਲਮਾਨ ਖਾਨ ਨੂੰ ਸੱਦਾ ਦਿੱਤੇ ਜਾਣ ਤੋਂ ਬਾਅਦ ਹੀ ਕਥਿਤ ਤੌਰ 'ਤੇ ਇਹ ਵਿਵਾਦ ਡੂੰਘਾ ਹੋਇਆ ਹੈ। ਲਾਰੈਂਸ ਗੈਂਗ ਅਤੇ ਸਲਮਾਨ ਖਾਨ ਵਿਚਕਾਰ ਪੁਰਾਣੀ ਰੰਜਿਸ਼ 1998 ਦੇ ਕਾਲੇ ਹਿਰਨ ਸ਼ਿਕਾਰ ਮਾਮਲੇ ਨਾਲ ਜੁੜੀ ਮੰਨੀ ਜਾਂਦੀ ਹੈ।

ਰੋਹਿਤ ਕੁਮਾਰ, ਚੰਡੀਗੜ੍ਹ : ਕੈਨੇਡਾ ਦੇ ਸਰੀ ਸ਼ਹਿਰ 'ਚ ਬਾਲੀਵੁੱਡ ਕਾਮੇਡੀਅਨ ਕਪਿਲ ਸ਼ਰਮਾ ਨਾਲ ਜੁੜਿਆ ਮਾਮਲਾ ਇਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ। ਐਤਵਾਰ ਦੇਰ ਰਾਤ 120 ਸਟ੍ਰੀਟ ਇਲਾਕੇ 'ਚ ਸਥਿਤ ਉਨ੍ਹਾਂ ਦੇ ‘ਕੈਪਸ ਕੈਫੇ’ ਦੇ ਕੋਲ ਚੌਥੀ ਵਾਰ ਫਾਇਰਿੰਗ ਦੀ ਘਟਨਾ ਸਾਹਮਣੇ ਆਈ। ਇਸ ਵਾਰ ਨਿਸ਼ਾਨਾ ਕੈਫੇ ਦੇ ਗੁਆਂਢ 'ਚ ਸਥਿਤ ‘ਚਾਏ ਸੁੱਟਾ ਬਾਰ’ ਰੈਸਟੋਰੈਂਟ ਨੂੰ ਬਣਾਇਆ ਗਿਆ, ਜਿੱਥੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।
ਫਾਇਰਿੰਗ ਤੋਂ ਤੁਰੰਤ ਬਾਅਦ ਇੰਟਰਨੈੱਟ ਮੀਡੀਆ 'ਤੇ ‘ਟਾਇਸਨ ਬਿਸ਼ਨੋਈ ਜੋਰਾ ਸਿੱਧ’ ਨਾਮ ਦੇ ਇਕ ਕਥਿਤ ਵਿਅਕਤੀ ਨੇ ਪੋਸਟ ਸਾਂਝੀ ਕਰ ਕੇ ਇਸ ਘਟਨਾ ਨੂੰ ਕਪਿਲ ਸ਼ਰਮਾ ਲਈ ਚਿਤਾਵਨੀ ਦੱਸਿਆ। ਪੋਸਟ 'ਚ ਲਿਖਿਆ ਗਿਆ ਕਿ ਇਹ ਹਮਲਾ ਇਕ “ਮੈਸੇਜ” ਹੈ ਅਤੇ ਕਪਿਲ ਸ਼ਰਮਾ ਨੂੰ “ਲਾਈਨ 'ਤੇ ਆਉਣ” ਦੀ ਧਮਕੀ ਦਿੱਤੀ ਗਈ। ਨਾਲ ਹੀ ਚਿਤਾਵਨੀ ਦਿੱਤੀ ਗਈ ਕਿ ਜੇਕਰ ਗੱਲ ਨਹੀਂ ਮੰਨੀ ਗਈ ਤਾਂ ਅਗਲਾ ਨਿਸ਼ਾਨਾ ਉਨ੍ਹਾਂ ਦਾ ‘ਕੈਪਸ ਕੈਫੇ’ ਤੇ ਮੁੰਬਈ ਸਥਿਤ ਘਰ ਹੋ ਸਕਦਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਫਿਲਹਾਲ ਇਸ ਮਾਮਲੇ 'ਚ ਕਿਸੇ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਹੋਈ ਹੈ। ਕਪਿਲ ਸ਼ਰਮਾ ਵੱਲੋਂ ਵੀ ਇਸ ਘਟਨਾ 'ਤੇ ਅਜੇ ਤਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ ਦੇ ਕੈਫੇ ਨੂੰ ਪਹਿਲਾਂ ਵੀ ਕਈ ਵਾਰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਸਾਲ 2025 'ਚ 10 ਜੁਲਾਈ ਨੂੰ ਉਦਘਾਟਨ ਦੇ ਕੁਝ ਹੀ ਦਿਨਾਂ ਬਾਅਦ ਪਹਿਲੀ ਵਾਰ ਕੈਫੇ 'ਤੇ ਫਾਇਰਿੰਗ ਹੋਈ ਸੀ। ਇਸ ਤੋਂ ਬਾਅਦ 7 ਅਗਸਤ ਨੂੰ ਦੂਜੀ ਅਤੇ 15-16 ਅਕਤੂਬਰ ਨੂੰ ਤੀਜੀ ਵਾਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਤੀਜੇ ਹਮਲੇ ਤੋਂ ਬਾਅਦ ਲਾਰੈਂਸ ਗੈਂਗ ਨਾਲ ਜੁੜੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜ਼ਿੰਮੇਵਾਰੀ ਵੀ ਲਈ ਸੀ।
ਸੂਤਰਾਂ ਅਨੁਸਾਰ, ਗੈਂਗ ਦੀ ਨਾਰਾਜ਼ਗੀ ਦੀ ਇਕ ਵਜ੍ਹਾ ਕਪਿਲ ਸ਼ਰਮਾ ਦਾ ਅਭਿਨੇਤਾ ਸਲਮਾਨ ਖਾਨ ਨਾਲ ਜੁੜਾਅ ਦੱਸਿਆ ਜਾ ਰਿਹਾ ਹੈ। ‘ਦ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਲਾਂਚ 'ਤੇ ਸਲਮਾਨ ਖਾਨ ਨੂੰ ਸੱਦਾ ਦਿੱਤੇ ਜਾਣ ਤੋਂ ਬਾਅਦ ਹੀ ਕਥਿਤ ਤੌਰ 'ਤੇ ਇਹ ਵਿਵਾਦ ਡੂੰਘਾ ਹੋਇਆ ਹੈ। ਲਾਰੈਂਸ ਗੈਂਗ ਅਤੇ ਸਲਮਾਨ ਖਾਨ ਵਿਚਕਾਰ ਪੁਰਾਣੀ ਰੰਜਿਸ਼ 1998 ਦੇ ਕਾਲੇ ਹਿਰਨ ਸ਼ਿਕਾਰ ਮਾਮਲੇ ਨਾਲ ਜੁੜੀ ਮੰਨੀ ਜਾਂਦੀ ਹੈ।
ਲਗਾਤਾਰ ਹੋ ਰਹੀਆਂ ਇਨ੍ਹਾਂ ਘਟਨਾਵਾਂ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਪੁਲਿਸ ਹੁਣ ਇਸ ਪੂਰੇ ਮਾਮਲੇ ਨੂੰ ਗੈਂਗ ਐਂਗਲ ਨਾਲ ਜੋੜ ਕੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ, ਜਦਕਿ ਸਥਾਨਕ ਪ੍ਰਸ਼ਾਸਨ ਨੇ ਇਲਾਕੇ ਵਿੱਚ ਨਿਗਰਾਨੀ ਵਧਾ ਦਿੱਤੀ ਹੈ।