ਅਣਪਛਾਤੇ ਚੋਰਾਂ ਨੇ ਕਬਾੜ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ
ਅਣਪਛਾਤੇ ਚੋਰਾਂ ਨੇ ਕਬਾੜ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, 50-60 ਹਜ਼ਾਰ ਰੁਪਏ ਦਾ ਸਾਮਾਨ ਚੋਰੀ
Publish Date: Wed, 21 Jan 2026 08:22 PM (IST)
Updated Date: Wed, 21 Jan 2026 08:24 PM (IST)

50-60 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਨਜ਼ਦੀਕੀ ਪਿੰਡ ਤ੍ਰਿਵੇਦੀ ਕੈਂਪ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਬੇਖ਼ੌਫ਼ ਹੋ ਕੇ ਇਕ ਕਬਾੜ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਰਾਤ ਸਮੇਂ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਪਿਆ ਮੈਟਲ ਸਕਰੈਪ ਅਤੇ ਨਕਦੀ ਚੋਰੀ ਕਰ ਲਈ, ਜਿਸ ਨਾਲ ਦੁਕਾਨ ਮਾਲਕ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਲੋਕਾਂ ਵੱਲੋਂ ਪੁਲਿਸ ਗਸ਼ਤ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨ ਮਾਲਕ ਸਤੀਸ਼ ਵਾਸੀ ਪਿੰਡ ਤ੍ਰਿਵੇਦੀ ਕੈਂਪ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਸਵੇਰੇ ਉਸਨੂੰ ਗੁਆਂਢੀਆਂ ਵੱਲੋਂ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਕਿ ਉਸ ਦੀ ਦੁਕਾਨ ਦਾ ਸ਼ਟਰ ਖੁੱਲ੍ਹਿਆ ਹੋਇਆ ਹੈ। ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਵੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਅੰਦਰੋਂ ਕਾਫ਼ੀ ਸਾਮਾਨ ਗਾਇਬ ਸੀ। ਸਤੀਸ਼ ਕੁਮਾਰ ਨੇ ਦੱਸਿਆ ਕਿ ਦੁਕਾਨ ਵਿਚ ਰੱਖਿਆ ਮੈਟਲ ਸਕਰੈਪ ਅਤੇ ਕੁਝ ਨਕਦੀ ਚੋਰ ਚੋਰੀ ਕਰ ਕੇ ਲੈ ਗਏ ਹਨ ਅਤੇ ਉਨ੍ਹਾਂ ਦਾ ਕਰੀਬ ਪੰਜਾਹ ਤੋਂ ਸੱਠ ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਉਸਨੇ ਦੱਸਿਆ ਕਿ ਦੁਕਾਨ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਰਾਤ ਤਿੰਨ ਵਜੇ ਚਾਰ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸੀਸੀਟੀਵੀ ਫੁਟੇਜ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਚੋਰ ਇਕ ਸੀਐੱਨਜੀ ਟੈਂਪੂ ਲੈ ਕੇ ਆਏ ਸਨ ਅਤੇ ਦੁਕਾਨ ਤੋਂ ਸਾਰਾ ਕਬਾੜ ਦਾ ਮਾਲ ਉਸ ਵਿਚ ਭਰ ਕੇ ਲੈ ਗਏ। ਹਾਲਾਂਕਿ ਦੁਕਾਨ ਮਾਲਕ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਵਿਚ ਚੋਰਾਂ ਦੇ ਚਿਹਰੇ ਸਪਸ਼ਟ ਤੌਰ ’ਤੇ ਦਿਖਾਈ ਨਹੀਂ ਦੇ ਰਹੇ ਅਤੇ ਨਾ ਹੀ ਟੈਂਪੂ ਦਾ ਨੰਬਰ ਪਤਾ ਲੱਗ ਰਿਹਾ ਹੈ, ਜਿਸ ਕਾਰਨ ਚੋਰਾਂ ਦੀ ਪਛਾਣ ਕਰਨਾ ਮੁਸ਼ਕਲ ਹੈ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਰਾਤ ਨੂੰ ਪੁਲਿਸ ਗਸ਼ਤ ਵਧਾਈ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਵਾਰਦਾਤਾਂ ’ਤੇ ਰੋਕ ਲੱਗ ਸਕੇ।