ਬਾਅਦ ਵਿਚ ਸ਼ਿਕਾਇਤਕਰਤਾ ਦੀ ਪਤਨੀ ਮੁਲਜ਼ਮ ਨਾਲ ਮੁਹਾਲੀ ਦੇ ਸੈਕਟਰ-70 ਸਥਿਤ ਇਕ ਸੁਸਾਇਟੀ ਵਿਚ ਰਹਿਣ ਲੱਗ ਪਈ। ਇਸੇ ਦੌਰਾਨ ਮੁਲਜ਼ਮ ਨੇ ਉਨ੍ਹਾਂ ਦੀ ਨਾਬਾਲਿਗ ਧੀ ਨਾਲ ਕਈ ਵਾਰ ਗ਼ਲਤ ਹਰਕਤਾਂ ਕੀਤੀਆਂ ਅਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਇਕ ਨਾਬਾਲਿਗ ਲੜਕੀ ਨਾਲ ਛੇੜਛਾੜ ਅਤੇ ਜਬਰ-ਜਨਾਹ ਦੀ ਕੋਸ਼ਿਸ਼ ਕਰਨ ਦਾ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਮਟੌਰ ਥਾਣੇ ਦੀ ਪੁਲਿਸ ਨੇ ਲੁਧਿਆਣਾ ਦੇ ਰਹਿਣ ਵਾਲੇ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਆਗੂ ਜਸਕਰਨਜੀਤ ਸਿੰਘ ਦਿਓਲ ਖ਼ਿਲਾਫ਼ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਪਹਿਲਾਂ ਉਨ੍ਹਾਂ ਦੇ ਪਰਿਵਾਰ ਦੇ ਸੰਪਰਕ ਵਿਚ ਆਇਆ ਸੀ। ਬਾਅਦ ਵਿਚ ਸ਼ਿਕਾਇਤਕਰਤਾ ਦੀ ਪਤਨੀ ਮੁਲਜ਼ਮ ਨਾਲ ਮੁਹਾਲੀ ਦੇ ਸੈਕਟਰ-70 ਸਥਿਤ ਇਕ ਸੁਸਾਇਟੀ ਵਿਚ ਰਹਿਣ ਲੱਗ ਪਈ। ਇਸੇ ਦੌਰਾਨ ਮੁਲਜ਼ਮ ਨੇ ਉਨ੍ਹਾਂ ਦੀ ਨਾਬਾਲਿਗ ਧੀ ਨਾਲ ਕਈ ਵਾਰ ਗ਼ਲਤ ਹਰਕਤਾਂ ਕੀਤੀਆਂ ਅਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ।
ਸ਼ਿਕਾਇਤਕਰਤਾ ਵੱਲੋਂ ਪਹਿਲੀ ਘਟਨਾ 2024 ਦੀ ਦਸੀ ਜਾ ਰਹੀ ਹੈ। ਪਿਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਉਨ੍ਹਾਂ ਦੀ ਧੀ ਨੂੰ ਬੋਰਡਿੰਗ ਸਕੂਲ ਤੋਂ ਲੈ ਕੇ ਆਇਆ ਅਤੇ ਮੁਹਾਲੀ ਦੇ ਇਕ ਹੋਟਲ ਵਿਚ ਲਿਜਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਜਦੋਂ ਬੱਚੀ ਨੇ ਇਸ ਦਾ ਵਿਰੋਧ ਕੀਤਾ, ਤਾਂ ਮੁਲਜ਼ਮ ਨੇ ਉਸ ਨੂੰ ਧਮਕਾਇਆ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਨੂੰ ਅਤੇ ਉਸ ਦੀ ਮਾਂ ਨੂੰ ਘਰੋਂ ਕੱਢ ਦੇਵੇਗਾ।
ਸ਼ਿਕਾਇਤਕਰਤਾ ਮੁਤਾਬਕ ਮਈ 2026 ਵਿਚ ਮੁਲਜ਼ਮ ਨੇ ਮੁੜ ਨਾਬਾਲਿਗ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਬੱਚੀ ਵੱਲੋਂ ਵਿਰੋਧ ਕੀਤੇ ਜਾਣ 'ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਸ਼ਿਕਾਇਤ ਵਿਚ ਇਹ ਵੀ ਦੋਸ਼ ਹੈ ਕਿ ਮੁਲਜ਼ਮ ਨੇ ਬੱਚੀ ਨੂੰ ਨਹਿਰ ਵਿਚ ਸੁੱਟਣ ਅਤੇ ਗੈਂਗਸਟਰਾਂ ਤੋਂ ਮਰਵਾਉਣ ਤੱਕ ਦੀ ਧਮਕੀ ਦਿੱਤੀ ਸੀ।
ਸ਼ਿਕਾਇਤਕਰਤਾ ਅਨੁਸਾਰ ਉਸਦੀ ਧੀ ਬੁਰੀ ਤਰ੍ਹਾਂ ਨਾਲ ਡਰੀ ਹੋਈ ਉਸ ਦੇ ਕੋਲ ਪਹੁੰਚੀ। ਪਿਤਾ ਨੇ ਦੱਸਿਆ ਕਿ ਧੀ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। ਜਦੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਰੌਂਦਿਆਂ ਸਾਰੀ ਹੱਡਬੀਤੀ ਸੁਣਾਈ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।
ਮਟੌਰ ਥਾਣੇ ਦੀ ਪੁਲਿਸ ਨੇ ਪੀੜਤ ਨਾਬਾਲਿਗ ਲੜਕੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਮੁਲਜ਼ਮ ਜਸਕਰਨਜੀਤ ਸਿੰਘ ਦਿਓਲ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਵੱਖ ਵੱਖ ਧਾਰਾਵਾਂ ਤਹਿਤ ਅਤੇ ਪੋਕਸੋ ਐਕਟ ਦੀ ਧਾਰਾ-6 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।