6 ਸਾਲਾ ਬੱਚੇ ਦੀ ਮੌਤ ਦੇ ਮਾਮਲੇ ’ਚ ਟਰੱਕ ਚਾਲਕ ਦੀ ਅਪੀਲ ਖਾਰਜ
6 ਸਾਲਾ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਟਰੱਕ ਡਰਾਈਵਰ ਦੀ ਅਪੀਲ ਖਾਰਜ; 2 ਸਾਲ ਦੀ ਸਜ਼ਾ ਬਰਕਰਾਰ
Publish Date: Sat, 24 Jan 2026 08:38 PM (IST)
Updated Date: Sun, 25 Jan 2026 04:22 AM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਸੜਕ ਹਾਦਸੇ ’ਚ 6 ਸਾਲਾ ਬੱਚੇ ਦੀ ਜਾਨ ਲੈਣ ਵਾਲੇ ਟਰੱਕ ਡਰਾਈਵਰ ਮੋਹਨ ਸਿੰਘ ਦੀ ਅਪੀਲ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ 2 ਸਾਲ ਦੀ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਜ਼ਿਕਰਯੋਗ ਹੈ ਕਿ ਇਹ ਦਰਦਨਾਕ ਹਾਦਸਾ 26 ਜਨਵਰੀ 2013 ਨੂੰ ਬਨੂੜ ਬੈਰੀਅਰ ਦੇ ਨੇੜੇ ਵਾਪਰਿਆ ਸੀ। ਸ਼ਿਕਾਇਤਕਰਤਾ ਜਗਮੋਹਨ ਸਿੰਘ ਆਪਣੇ 6 ਸਾਲਾ ਪੁੱਤਰ ਸਹਿਜਦੀਪ ਸਿੰਘ ਨਾਲ ਮੋਟਰਸਾਈਕਲ ਤੇ ਜਾ ਰਿਹਾ ਸੀ। ਲਾਂਡਰਾਂ ਵਾਲੇ ਪਾਸੇ ਤੋਂ ਆ ਰਹੇ ਇੱਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਮਾਸੂਮ ਸਹਿਜਦੀਪ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਜਗਮੋਹਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ। ਹੇਠਲੀ ਅਦਾਲਤ ਨੇ 16 ਜਨਵਰੀ 2017 ਨੂੰ ਮੋਹਨ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ। ਹਾਲਾਂਕਿ ਪਹਿਲਾਂ ਉਸਨੂੰ ਪ੍ਰੋਬੇਸ਼ਨ ਤੇ ਰਿਹਾਅ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਸਟੇਟ ਵੱਲੋਂ ਦਾਇਰ ਅਪੀਲ ਤੋਂ ਬਾਅਦ ਮਾਮਲਾ ਮੁੜ ਵਿਚਾਰਿਆ ਗਿਆ। ਅਖੀਰ 5 ਅਕਤੂਬਰ 2023 ਨੂੰ ਅਦਾਲਤ ਨੇ ਉਸ ਨੂੰ 2 ਸਾਲ ਦੀ ਸਧਾਰਨ ਕੈਦ ਅਤੇ 1000 ਰੁਪਏ ਜੁਰਮਾਨਾ, 6 ਮਹੀਨੇ ਦੀ ਕੈਦ ਅਤੇ 1000 ਰੁਪਏ ਜੁਰਮਾਨਾ ਅਤੇ 6 ਮਹੀਨੇ ਦੀ ਕੈਦ ਅਤੇ 1000 ਰੁਪਏ ਜੁਰਮਾਨਾ ਸੁਣਾਇਆ ਗਿਆ ਹੈ। ਸਾਰੀਆਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ