ਟ੍ਰੈਫਿਕ ਨਿਯਮਾਂ ਦੀ ਉਲੰਘਣਾ : ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ 'ਜੁਗਾੜੂ' ਰੇਹੜੀਆਂ ਦੇ ਕੀਤੇ ਚਾਲਾਨ
ਟ੍ਰੈਫਿਕ ਨਿਯਮਾਂ ਦੀ ਉਲੰਘਣਾ : ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ 'ਜੁਗਾੜੂ' ਰੇਹੜੀਆਂ ਦੇ ਕੀਤੇ ਚਾਲਾਨ
Publish Date: Wed, 03 Dec 2025 05:57 PM (IST)
Updated Date: Wed, 03 Dec 2025 05:59 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ’ਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਬੁੱਧਵਾਰ ਨੂੰ ਵੱਡੀ ਕਾਰਵਾਈ ਕੀਤੀ। ਸ਼ਹਿਰ ਦੀਆਂ ਸੜਕਾਂ ਤੇ ਅਨਿਯਮਿਤ ਤਰੀਕੇ ਨਾਲ ਚੱਲ ਰਹੀਆਂ ਅਤੇ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਕਰਦੀਆਂ ਜੁਗਾੜੂ ਰੇਹੜੀਆਂ ਗ਼ੈਰ-ਰਜਿਸਟਰਡ ਅਤੇ ਤਿੰਨ-ਪਹੀਆ ਵਾਹਨਾਂ ਦੇ ਚਾਲਾਨ ਕੱਟੇ ਗਏ। ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਜੁਗਾੜੂ ਰੇਹੜੀਆਂ ਨਾ ਸਿਰਫ਼ ਟ੍ਰੈਫਿਕ ਨੂੰ ਪ੍ਰਭਾਵਿਤ ਕਰਦੀਆਂ ਹਨ, ਸਗੋਂ ਇਨ੍ਹਾਂ ਵਿਚ ਸੇਫਟੀ ਫੀਚਰਜ਼ ਦੀ ਘਾਟ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ। ਇਨ੍ਹਾਂ ਵਾਹਨਾਂ ਦਾ ਕੋਈ ਰਜਿਸਟਰੇਸ਼ਨ ਨਹੀਂ ਹੁੰਦਾ ਅਤੇ ਨਾ ਹੀ ਇਹ ਸੜਕ ਤੇ ਚੱਲਣ ਲਈ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣਾ, ਗ਼ੈਰ-ਮਾਨਤਾ ਪ੍ਰਾਪਤ ਵਾਹਨਾਂ ਕਾਰਨ ਹੋਣ ਵਾਲੇ ਹਾਦਸਿਆਂ ਤੇ ਰੋਕ ਲਗਾਉਣਾ ਅਤੇ ਟ੍ਰੈਫਿਕ ਪ੍ਰਵਾਹ ਨੂੰ ਸੁਚਾਰੂ ਬਣਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ। ਸੁਰਿੰਦਰ ਸਿੰਘ ਨੇ ਸਮੂਹ ਰੇਹੜੀ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਅਤੇ ਸੁਰੱਖਿਅਤ ਵਾਹਨਾਂ ਦੀ ਵਰਤੋਂ ਕਰਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਭਵਿੱਖ ਵਿਚ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਾਹਨ ਚਾਲਕ ਨੂੰ ਬਖ਼ਸ਼ਿਆ ਨਹੀਂ ਜਾਵੇਗਾ।