ਟ੍ਰੈਫਿਕ ਪੁਲਿਸ ਨੇ ਕੱਸੀ ਕਮਾਨ, 'ਜੁਗਾੜੂ ਮੋਟਰਸਾਈਕਲ ਰੇਹੜੀ' ਵਾਲੇ ਥਾਣਿਆਂ 'ਚ ਕੀਤੇ ਬੰਦ! ਜਾਣੋ ਕੀ ਹੈ ਵਜ੍ਹਾ
ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਦੀ ਮੁਹਿੰਮ ਤਹਿਤ ਡੇਰਾਬੱਸੀ ਦੀ ਟ੍ਰੈਫਿਕ ਪੁਲਿਸ ਨੇ ਇਕ ਵੱਡੀ ਕਾਰਵਾਈ ਕੀਤੀ ਹੈ। ਸ਼ਹਿਰ ਦੀਆਂ ਸੜਕਾਂ ਤੇ ਆਵਾਜਾਈ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੀ ਇਕ ਜੁਗਾੜੂ ਮੋਟਰਸਾਈਕਲ ਰੇਹੜੀ ਨੂੰ ਕਾਬੂ ਕਰਕੇ ਪੁਲਿਸ ਥਾਣੇ ਵਿਚ ਬੰਦ ਕਰ ਦਿੱਤਾ ਗਿਆ ਹੈ।
Publish Date: Mon, 08 Dec 2025 08:21 AM (IST)
Updated Date: Mon, 08 Dec 2025 08:23 AM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਦੀ ਮੁਹਿੰਮ ਤਹਿਤ ਡੇਰਾਬੱਸੀ ਦੀ ਟ੍ਰੈਫਿਕ ਪੁਲਿਸ ਨੇ ਇਕ ਵੱਡੀ ਕਾਰਵਾਈ ਕੀਤੀ ਹੈ। ਸ਼ਹਿਰ ਦੀਆਂ ਸੜਕਾਂ ਤੇ ਆਵਾਜਾਈ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੀ ਇਕ ਜੁਗਾੜੂ ਮੋਟਰਸਾਈਕਲ ਰੇਹੜੀ ਨੂੰ ਕਾਬੂ ਕਰਕੇ ਪੁਲਿਸ ਥਾਣੇ ਵਿਚ ਬੰਦ ਕਰ ਦਿੱਤਾ ਗਿਆ ਹੈ।
ਟ੍ਰੈਫਿਕ ਇੰਚਾਰਜ ਡੇਰਾਬੱਸੀ ਸੁਰਿੰਦਰ ਸਿੰਘ ਦੇ ਅਨੁਸਾਰ, ਇਹ ਜੁਗਾੜੂ ਵਾਹਨ ਆਮ ਤੌਰ ਤੇ ਸੜਕਾਂ ਤੇ ਬਿਨ੍ਹਾਂ ਕਿਸੇ ਰਜਿਸਟਰੇਸ਼ਨ ਅਤੇ ਸੁਰੱਖਿਆ ਮਾਪਦੰਡਾਂ ਦੇ ਚਲਾਏ ਜਾਂਦੇ ਹਨ। ਇਹ ਨਾ ਸਿਰਫ਼ ਆਵਾਜਾਈ ਨੂੰ ਪ੍ਰਭਾਵਿਤ ਕਰਦੇ ਹਨ, ਸਗੋਂ ਵੱਡੇ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਜੁਗਾੜੂ ਰੇਹੜੀ ਕੋਲ ਕੋਈ ਅਧਿਕਾਰਤ ਰਜਿਸਟਰੇਸ਼ਨ ਨੰਬਰ ਨਹੀਂ ਸੀ। ਰੇਹੜੀ ਨੂੰ ਸਮਰੱਥਾ ਤੋਂ ਜ਼ਿਆਦਾ ਸਵਾਰੀਆਂ ਨਾਲ ਲੱਦਿਆ ਹੋਇਆ ਸੀ। ਵਾਹਨ ਦੇ ਬਰੇਕ ਅਤੇ ਲਾਈਟਾਂ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਸਨ, ਜਿਸ ਨਾਲ ਇਹ ਸੜਕ ਤੇ ਚੱਲਣ ਲਈ ਖ਼ਤਰਨਾਕ ਸੀ।
ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਸ਼ਹਿਰ ਦੇ ਮੁੱਖ ਚੌਕ ਵਿਚ ਨਾਕਾਬੰਦੀ ਦੌਰਾਨ ਇਸ ਜੁਗਾੜੂ ਰੇਹੜੀ ਨੂੰ ਰੋਕਿਆ ਗਿਆ। ਜ਼ਰੂਰੀ ਕਾਗ਼ਜ਼ਾਤ ਅਤੇ ਨਿਯਮਾਂ ਦੀ ਉਲੰਘਣਾ ਪਾਏ ਜਾਣ ਤੇ, ਵਾਹਨ ਨੂੰ ਜ਼ਬਤ ਕਰ ਲਿਆ ਗਿਆ ਅਤੇ ਡੇਰਾਬੱਸੀ ਪੁਲਿਸ ਥਾਣੇ ਦੇ ਕੰਪਲੈਕਸ ਵਿਚ ਖੜ੍ਹਾ ਕਰ ਦਿੱਤਾ ਗਿਆ। ਵਾਹਨ ਚਾਲਕ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਾਰਵਾਈ ਦਾ ਮੁੱਖ ਮਕਸਦ ਲੋਕਾਂ ਨੂੰ ਸੁਰੱਖਿਅਤ ਅਤੇ ਕਾਨੂੰਨੀ ਵਾਹਨ ਹੀ ਸੜਕਾਂ ਤੇ ਚਲਾਉਣ ਲਈ ਪ੍ਰੇਰਿਤ ਕਰਨਾ ਹੈ। ਟ੍ਰੈਫਿਕ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੇ ਜੁਗਾੜੂ ਅਤੇ ਗ਼ੈਰ-ਕਾਨੂੰਨੀ ਵਾਹਨਾਂ ਵਿਰੁੱਧ ਉਨ੍ਹਾਂ ਦੀ ਮੁਹਿੰਮ ਜਾਰੀ ਰਹੇਗੀ।