ਥ੍ਰੀ-ਵ੍ਹੀਲਰ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ
ਥ੍ਰੀ-ਵ੍ਹੀਲਰ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ
Publish Date: Sun, 04 Jan 2026 07:09 PM (IST)
Updated Date: Sun, 04 Jan 2026 07:11 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਅਤੇ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਬਾਰੇ ਜਾਣੂ ਕਰਵਾਉਣ ਲਈ ਮਨਾਏ ਜਾ ਰਹੇ 'ਸੜਕ ਸੁਰੱਖਿਆ ਮਹੀਨੇ' ਤਹਿਤ ਟ੍ਰੈਫਿਕ ਪੁਲਿਸ ਡੇਰਾਬੱਸੀ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੌਕੇ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਥ੍ਰੀ-ਵ੍ਹੀਲਰ (ਆਟੋ) ਚਾਲਕਾਂ ਨਾਲ ਵਿਸ਼ੇਸ਼ ਬੈਠਕ ਕੀਤੀ ਅਤੇ ਉਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਟ੍ਰੈਫਿਕ ਇੰਚਾਰਜ ਡੇਰਾਬੱਸੀ ਸੁਰਿੰਦਰ ਸਿੰਘ ਨੇ ਚਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਾਹਨ ਦੇ ਕਾਗਜ਼ਾਤ ਜਿਵੇਂ ਆਰਸੀ, ਬੀਮਾ, ਪ੍ਰਦੂਸ਼ਣ ਸਰਟੀਫ਼ਿਕੇਟ ਅਤੇ ਡਰਾਈਵਿੰਗ ਲਾਇਸੈਂਸ ਹਮੇਸ਼ਾ ਆਪਣੇ ਕੋਲ ਰੱਖਣ। ਉਹ ਓਵਰਲੋਡਿੰਗ ਤੋਂ ਗੁਰੇਜ਼ ਕਰਨ ਅਤੇ ਉਨ੍ਹਾਂ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਆਟੋ ਵਿਚ ਸਮਰੱਥਾ ਤੋਂ ਵੱਧ ਸਵਾਰੀਆਂ ਨਾ ਬਿਠਾਈਆਂ ਜਾਣ, ਕਿਉਂਕਿ ਇਹ ਹਾਦਸਿਆਂ ਦਾ ਮੁੱਖ ਕਾਰਨ ਬਣਦਾ ਹੈ।
ਉਨ੍ਹਾਂ ਨੂੰ ਵਾਹਨਾਂ ਦੀ ਗ਼ਲਤ ਪਾਰਕਿੰਗ ਬਾਰੇ ਵੀ ਸੁਚੇਤ ਕੀਤਾ ਗਿਆ। ਸੜਕਾਂ 'ਤੇ ਜਾਮ ਦੀ ਸਥਿਤੀ ਨੂੰ ਰੋਕਣ ਲਈ ਚਾਲਕਾਂ ਨੂੰ ਨਿਰਧਾਰਤ ਆਟੋ ਸਟੈਂਡਾਂ 'ਤੇ ਹੀ ਵਾਹਨ ਖੜ੍ਹੇ ਕਰਨ ਦੀ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਨਸ਼ਾ ਰਹਿਤ ਡਰਾਈਵਿੰਗ ਕਰਨ ਦੀ ਅਪੀਲ ਕੀਤੀ। ਸੁਰਿੰਦਰ ਸਿੰਘ ਨੇ ਚੇਤਾਵਨੀ ਦਿੱਤੀ ਕਿ ਨਸ਼ੇ ਦੀ ਹਾਲਤ ਵਿਚ ਵਾਹਨ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਚਾਲਾਨ ਕੱਟਣਾ ਨਹੀਂ, ਸਗੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣਾ ਹੈ। ਜੇਕਰ ਚਾਲਕ ਨਿਯਮਾਂ ਦੀ ਪਾਲਣਾ ਕਰਨਗੇ ਤਾਂ ਸੜਕੀ ਹਾਦਸਿਆਂ ਵਿਚ ਵੱਡੀ ਕਮੀ ਆਵੇਗੀ। ਇਸ ਮੌਕੇ ਕਈ ਥ੍ਰੀ-ਵ੍ਹੀਲਰ ਚਾਲਕਾਂ ਨੇ ਭਰੋਸਾ ਦਿੱਤਾ ਕਿ ਉਹ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨਗੇ ਅਤੇ ਨਿਯਮਾਂ ਦੀ ਉਲੰਘਣਾ ਨਹੀਂ ਕਰਨਗੇ। ਇਸ ਜਾਗਰੂਕਤਾ ਮੁਹਿੰਮ ਦੌਰਾਨ ਟ੍ਰੈਫਿਕ ਪੁਲਿਸ ਦੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ।